ਬਰਕਰਾਰ ਹੈ ਸਚਿਨ ਤੇਂਦੁਲਕਰ ਦਾ ਜਲਵਾ, ਚੁਣੇ ਗਏ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼

Sunday, Jun 20, 2021 - 12:22 PM (IST)

ਬਰਕਰਾਰ ਹੈ ਸਚਿਨ ਤੇਂਦੁਲਕਰ ਦਾ ਜਲਵਾ, ਚੁਣੇ ਗਏ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼

ਸਪੋਰਟਸ ਡੈਸਕ— ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼ ਚੁਣੇ ਗਏ। ਸਚਿਨ ਨੂੰ ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਕਾਰਾ ਤੋਂ ਇਸ ਮਾਮਲੇ ’ਚ ਸਖ਼ਤ ਟੱਕਰ ਮਿਲੀ। ਦੋਵੇਂ ਖਿਡਾਰੀਆਂ ਦੇ ਬਰਾਬਰ ਅੰਕ ਰਹੇ, ਪਰ ਜ਼ਿਆਦਾ ਜੂਰੀ ਮੈਂਬਰਾਂ ਦੀ ਲਿਸਟ ’ਚ ਆਉਣ ਕਾਰਨ ਸਚਿਨ ਜੇਤੂ ਬਣ ਗਏ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਏਜਿਸ ਬਾਲ ’ਚ ਖੇਡੇ ਜਾ ਰਹੇ ਫ਼ਾਈਨਲ ’ਚ ਦੂਜੇ ਦਿਨ ਸ਼ਨੀਵਾਰ ਨੂੰ ਟੀ ਟਾਈਮ ਦੌਰਾਨ ਇਹ ਐਲਾਨ ਕੀਤਾ ਗਿਆ। ਭਾਰਤ ਦੇ ਪ੍ਰਮੁੱਖ ਖੇਡ ਪ੍ਰਸਾਰਕ ਸਟਾਰ ਸਪੋਰਟਸ ਨੇ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫ਼ਾਈਨਲ ’ਚ ਟੈਸਟ ਕ੍ਰਿਕਟ ਦੇ ਇਤਿਹਾਸਕ ਪਲਾਂ ਦਾ ਜਸ਼ਨ ਮਨਾਉਣ ਲਈ ਟੈਸਟ ਕ੍ਰਿਕਟ ’ਚ 21ਵੀਂ ਸਦੀ ਦੇ ਅਜੇ ਤਕ ਦੇ ਸਭ ਤੋਂ ਮਹਾਨ ਖਿਡਾਰੀ ਨੂੰ ਚੁਣਨ ਦੀ ਪਹਿਲੀ ਕੀਤੀ ਗਈ ਸੀ।
ਇਹ ਵੀ ਪੜ੍ਹੋ : WTC Final : ਧੋਨੀ ਨੂੰ ਪਿੱਛੇ ਛੱਡ ਕੋਹਲੀ ਨੇ ਬਣਾਇਆ ਇਕ ਹੋਰ ਵੱਡਾ ਰਿਕਾਰਡ, ਗਾਂਗੁਲੀ ਵੀ ਰਹਿ ਗਏ ਪਿੱਛੇ

ਇਸ ਪਹਿਲ ਦੇ ਪਿੱਛੇ ਸਟਾਰ ਸਪੋਰਟਸ ਦਾ ਉਦੇਸ਼ ਦਿੱਗਜ ਕ੍ਰਿਕਟਰਾਂ ਨੂੰ ਲੈ ਕੇ ਦੁਨੀਆ ਭਰ ਦੇ ਸੀਨੀਅਰ ਖੇਡ ਪੱਤਰਕਾਰਾਂ, ਪ੍ਰਸਾਰਕਾਂ, ਵਿਸ਼ਲੇਸ਼ਕਾਂ, ਐਂਕਰਾਂ ਤੇ ਪੂਰੇ ਕ੍ਰਿਕਟ ਭਾਈਚਾਰੇ ਨੂੰ ਇਕੱਠੇ ਲਿਆਉਣਾ ਸੀ। ਸਟਾਰ ਸਪੋਰਟਸ ਵੱਲੋਂ ਚਾਰ ਵਰਗਾਂ ਬੱਲੇਬਾਜ਼, ਗੇਂਦਬਾਜ਼, ਆਲਰਾਊਂਡਰ ਤੇ ਕਪਤਾਨ ’ਚੋਂ ਇਕ ਮਹਾਨ ਖਿਡਾਰੀ ਨੂੰ ਚੁਣਿਆ ਜਾਵੇਗਾ। ਇਸ ਲਈ ਬੱਲੇਬਾਜ਼ ਕੈਟੇਗਰੀ ’ਚ ਸਚਿਨ ਤੇਂਦੁਲਕਰ, ਸਟੀਵ ਸਮਿਥ, ਕੁਮਾਰ ਸੰਗਕਾਰਾ, ਜੈਕ ਕੈਲਿਸ, ਗੇਂਦਬਾਜ਼ ਵਰਗ ’ਚ ਮੁਥਈਆ ਮੁਰਲੀਧਰਨ, ਸ਼ੇਨ ਵਾਰਨ, ਡੇਲ ਸਟੇਨ, ਗਲੇਨ ਮੈਕਗ੍ਰਾ, ਆਲਰਾਊਂਡਰ ਸ਼੍ਰੇਣੀ ’ਚ ਜੈਕ ਕੈਲਿਸ, ਬੇਨ ਸਟੋਕਸ, ਐਂਡਿ੍ਰਊ ਫ਼ਲਿੰਟਾਫ਼, ਰਵੀਚੰਦਰਨ ਅਸ਼ਵਿਨ ਤੇ ਕਪਤਾਨ ਦੀ ਸ਼੍ਰੇਣੀ ’ਚ ਸਟੀਵ ਵਾ, ਗ੍ਰੀਮ ਸਮਿਥ, ਰਿਕੀ ਪੋਂਟਿੰਗ ਤੇ ਵਿਰਾਟ ਕੋਹਲੀ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਨ੍ਹਾਂ ਨਾਮਜ਼ਦ ਖਿਡਾਰੀਆਂ ’ਚੋਂ ਮਹਾਨ ਖਿਡਾਰੀਆਂ ਨੂੰ ਚੁਣਨ ਲਈ ਸਟਾਰ ਸਪੋਰਟਸ ਨੇ 50 ਮੈਂਬਰੀ ਜੂਰੀ ਦਾ ਗਠਨ ਕੀਤਾ ਹੈ, ਜਿਸ ’ਚ ਧਾਕੜ ਕ੍ਰਿਕਟਰ ਸੁਨੀਲ ਗਾਵਸਕਰ, ਈਆਨ ਬਿਸ਼ਪ, ਹਰਭਜਨ ਸਿੰਘ, ਸ਼ੇਨ ਵਾਟਸਨ, ਸਕਾਟ ਸਟਾਇਰਿਸ, ਗੌਤਮ ਗੰਭੀਰ ਤੇ ਪ੍ਰਸਿੱਧ ਖੇਡ ਪੱਤਰਕਾਰ ਤੇ ਕੋਚ ਸ਼ਾਮਲ ਹਨ। ਪ੍ਰਸਾਰਕ ਨੇ ਪ੍ਰਸ਼ੰਸਕਾਂ ਨੂੰ ਵੀ ਜੂਰੀ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਸੀ। 
ਇਹ ਵੀ ਪੜ੍ਹੋ : ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਵਾਲੇ ਬਣੇ ਪਹਿਲੇ ਵਿਅਕਤੀ

ਮਹਾਨ ਖਿਡਾਰੀ ਨੂੰ ਚੁਣਨ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਸ ’ਚ ਪੂਰੀ ਪਾਰਦਰਸ਼ਤਾ ਵਰਤੀ ਗਈ  ਹੈ। ਚਾਰੇ ਵਰਗਾਂ ’ਚ ਸਿਰਫ ਇਕ ਜਨਵਰੀ 2000 ਤੋਂ ਜਾਂ ਉਸ ਤੋਂ ਬਾਅਦ ਤੋਂ ਅੰਕੜਿਆਂ ਦੇ ਹਿਸਾਬ ਨਾਲ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਰਵਸ੍ਰੇਸ਼ਠ ਬੱਲੇਬਾਜ਼ ਸ਼੍ਰੇਣੀ ਦੇ ਮਾਪਦੰਡ ਦੇ ਮੁਤਾਬਕ ਖਿਡਾਰੀ ਦੀਆਂ 10 ਹਜ਼ਾਰ ਤੋਂ ਜ਼ਿਆਦਾ ਦੌੜਾਂ, 50 ਤੋਂ ਜ਼ਿਆਦਾ ਦੀ ਔਸਤ ਨਾਲ 25 ਤੋਂ ਜ਼ਿਆਦਾ ਸੈਂਕੜੇ ਹੋਣੇ ਚਾਹੀਦੇ ਹਨ, ਗੇਂਦਬਾਜ਼ ਵਰਗ ਦੇ ਮਾਪਦੰਡ ’ਚ ਗੇਂਦਬਾਜ਼ ਦੀ ਘਰੇਲੂ ਮੈਦਾਨਾਂ ਤੇ ਵਿਦੇਸ਼ੀ ਜ਼ਮੀਨ ’ਤੇ ਔਸਤ 30 ਤੋਂ ਘੱਟ ਤੇ ਉਸ ਦੇ ਨਾਂ 15 ਵਾਰ ਪੰਜ ਵਿਕਟ ਹੋਣੇ ਚਾਹੀਦੇ ਹਨ, ਆਲਰਾਊਂਡਰ ਦੀਅੰ 2500 ਤੋਂ ਜ਼ਿਆਦਾ ਦੌੜਾਂ, 150 ਤੋਂ ਜ਼ਿਆਦਾ ਵਿਕਟਾਂ ਤੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਔਸਤ ’ਚ ਹਾਂ ਪੱਖੀ ਫ਼ਰਕ ਹੋਣਾ ਚਾਹੀਦਾ ਹੈ, ਜਦਕਿ ਕਪਤਾਨ ਦੇ ਲਈ ਘਰੇਲੂ ਤੇ ਵਿਦੇਸ਼ੀ ਮੈਦਾਨਾਂ ’ਤੇ ਘੱਟੋ-ਘੱਟ 10 ਮੈਚ ਜਿੱਤ ਜਾਂ ਡਰਾਅ ਫ਼ੀਸਦੀ 70 ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News