ਸਚਿਨ ਤੇਂਦੁਲਕਰ ਨੇ ਦਿੱਤੀ ਕੋਰੋਨਾ ਨੂੰ ਮਾਤ, ਜਨਮਦਿਨ ’ਤੇ ਪਲਾਜ਼ਮਾ ਦਾਨ ਕਰਨ ਦਾ ਕੀਤਾ ਐਲਾਨ
Saturday, Apr 24, 2021 - 04:46 PM (IST)
ਮੁੰਬਈ (ਭਾਸ਼ਾ) : ਸਾਬਕਾ ਭਾਰਤੀ ਕਪਤਾਨ ਸਚਿਨ ਤੇਂਦੁਲਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਤੋਂ ਠੀਕ ਹੋ ਗਏ ਹਨ ਅਤੇ ਜਦੋਂ ਵੀ ਉਹ ਪਲਾਜ਼ਮਾ ਦਾਨ ਕਰਨ ਦੇ ਯੋਗ ਹੋਣਗੇ ਤਾਂ ਉਹ ਅਜਿਹਾ ਕਰਨਗੇ। ਸ਼ਨੀਵਾਰ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਤੇਂਦੁਲਕਰ ਨੂੰ 27 ਮਾਰਚ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਅਤੇ ਉਹ ਸਾਵਧਾਨੀ ਦੇ ਤੌਰ ’ਤੇ ਹਸਪਤਾਲ ਵਿਚ ਦਾਖ਼ਲ ਰਹੇ ਸਨ। ਤੇਂਦੁਲਕਰ ਨੇ ਆਪਣੇ ਟਵਿਟਰ ਹੈਂਡਲ ’ਤੇ ਜਾਰੀ ਵੀਡੀਓ ਵਿਚ ਕਿਹਾ, ‘ਮੈਂ ਇਕ ਸੰਦੇਸ਼ ਦੇਣਾ ਚਾਵਾਂਗਾ ਜਿਸ ਨੂੰ ਮੈਨੂੰ ਡਾਕਟਰਾਂ ਨੇ ਦੇਣ ਲਈ ਕਿਹਾ ਹੈ। ਮੈਂ ਪਲਾਜ਼ਮਾ ਦਾਨ ਕੇਂਦਰ ਦਾ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਦਾ ਸੰਦੇਸ਼ ਸੀ, ਜੇਕਰ ਸਹੀਂ ਸਮੇਂ ’ਤੇ ਪਲਾਜ਼ਮਾ ਦਿੱਤਾ ਜਾਂਦਾ ਹੈ ਤਾਂ ਰੋਗੀ ਠੀਕ ਹੋ ਸਕਦਾ ਹੈ।’ ਉਨ੍ਹਾਂ ਕਿਹਾ, ‘ਮੈਂ ਨਿੱਜੀ ਤੌਰ ’ਤੇ ਜਦੋਂ ਇਸ ਦੇ ਯੋਗ ਹੋ ਜਾਵਾਂਗਾ ਉਦੋਂ ਇਸ ਨੂੰ ਦਾਨ ਕਰਾਂਗਾ ਅਤੇ ਮੈਂ ਆਪਣੇ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ।’
ਤੇਂਦੁਲਕਰ ਨੂੰ 8 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਉਹ ਘਰ ਵਿਚ ਇਕਾਂਤਵਾਸ ਵਿਚ ਸਨ। ਪਲਾਜ਼ਮਾ ਦਾਨਕਰਤਾ ਵਿਚ ਇਸ ਨੂੰ ਦਾਨ ਕਰਨ ਨਾਲ 14 ਦਿਨ ਪਹਿਲਾਂ ਤੱਕ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹੋਣੇ ਚਾਹੀਦੇ। ਇਸ ਦਿੱਗਜ ਬੱਲੇਬਾਜ਼ ਨੇ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਕੇ ਦੂਜਿਆਂ ਦੀ ਮਦਦ ਕਰਨ ਨੂੰ ਕਿਹਾ। ਉਨ੍ਹਾਂ ਕਿਹਾ, ‘ਤੁਸੀਂ ਜੋ ਵੀ ਕੋਵਿਡ-19 ਤੋਂ ਠੀਕ ਹੋੲੈ ਹਨ, ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਕ੍ਰਿਕਪਾ ਕਰਕੇ ਖ਼ੂਨਦਾਨ ਕਰੋ। ਇਸ ਨਾਲ ਕਾਫ਼ੀ ਸਮੱਸਿਆ ਦਾ ਹੱਲ ਹੋ ਸਕਦਾ ਹੈ।’
ਇਹ ਵੀ ਪੜ੍ਹੋ : ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ
ਤੇਂਦੁਲਕਰ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਬੀਮਾਰ ਰਹਿੰਦੇ ਹਾਂ ਉਦੋਂ ਤੱਕ ਸਾਡੇ ਪਰਿਵਾਰ ਵਾਲਿਆਂ, ਦੋਸਤਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।’ ਤੇਂਦੁਲਕਰ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਸਕਾਰਾਤਮਕਤਾ ਬਣਾਈ ਰੱਖਣ ਲਈ ਵੀ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਲਈ ਤੁਹਾਡਾ ਧੰਨਵਾਦ। ਇਸ ਨਾਲ ਅਸਲ ਵਿਚ ਮੇਰਾ ਦਿਨ ਬਣ ਗਿਆ। ਪਿਛਲਾ ਇਕ ਮਹੀਨਾ ਮੇਰੇ ਲਈ ਕਾਫ਼ੀ ਮੁਸ਼ਕਲ ਵਾਲਾ ਰਿ ਹਾ। ਮੇਰਾ ਟੈਸਟ ਪਾਜ਼ੇਟਿਵ ਆਇਆ ਅਤੇ ਮੈਂ 21 ਦਿਨ ਤੱਕ ਅਲਗ ਥਲਗ ਰਿਹਾ।’ ਤੇਂਦੁਲਕਰ ਨੇ ਕਿਹਾ, ‘ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸ਼ੁੱਭਕਾਮਨਾਵਾਂ, ਮੇਰੇ ਪਰਿਵਾਰ ਅਤੇ ਦੋਸਤਾਂ ਦੀਆਂ ਪ੍ਰਾਰਥਨਾਵਾਂ ਅਤੇ ਸ਼ੁੱਭਕਾਮਨਾਵਾਂ ਦੇ ਨਾਲ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੈ ਮੇਨੂੰ ਸਕਾਰਾਤਮਕ ਬਣਾਈ ਰੱਖਿਆ, ਜਿਸ ਨਾਲ ਮੈਨੂੰ ਬੀਮਾਰੀ ਤੋਂ ਉਭਰਨ ਵਿਚ ਮਦਦ ਮਿਲੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।’
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।