SA v IND : ਪਹਿਲੇ ਵਨ-ਡੇ ''ਚ ਕੋਹਲੀ ਤੇ ਕੇ. ਐੱਲ. ਰਾਹੁਲ ''ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ
Wednesday, Jan 19, 2022 - 10:50 AM (IST)
ਸਪੋਰਟਸ ਡੈਸਕ- ਕੇ. ਐੱਲ. ਰਾਹੁਲ ਦੀ ਕਪਤਾਨੀ ਵਿਚ ਭਾਰਤੀ ਟੀਮ ਜਦ ਬੁੱਧਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਵਨ ਡੇ ਕ੍ਰਿਕਟ ਮੈਚ ਖੇਡਣ ਉਤਰੇਗੀ ਤਾਂ ਸੱਤ ਸਾਲ ਵਿਚ ਪਹਿਲੀ ਵਾਰ ਸਿਰਫ਼ ਬੱਲੇਬਾਜ਼ ਵਜੋਂ ਭਾਰਤੀ ਟੀਮ ਵਿਚ ਖੇਡ ਰਹੇ ਵਿਰਾਟ ਕੋਹਲੀ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੇ। ਕੋਹਲੀ ਬੱਲੇਬਾਜ਼ੀ ਕਰਨ ਜਾਂ ਬਾਊਂਡਰੀ ਲਾਈਨ 'ਤੇ ਫੀਲਡਿੰਗ, ਉਨ੍ਹਾਂ ਦੀ ਹਰ ਇਕ ਸਰਗਰਮੀ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੋਣਗੀਆਂ। ਹਾਲਾਂਕਿ, ਰਾਹੁਲ ਦੀ ਕਪਤਾਨੀ ਨੂੰ ਵੀ ਪਰਖਿਆ ਜਾਵੇਗਾ। ਦੇਖਣਾ ਇਹ ਵੀ ਪਵੇਗਾ ਕਿ ਉਹ ਹਮੇਸ਼ਾ ਵਾਂਗ ਮੈਦਾਨ 'ਤੇ ਜੋਸ਼ ਤੇ ਹਮਲਾਵਰ ਦਿਖਾਈ ਦਿੰਦੇ ਹਨ ਜਾਂ ਟੈਸਟ ਕਪਤਾਨੀ ਦੇ ਨਾਲ ਕ੍ਰਿਕਟ ਦੇ ਹਰ ਫਾਰਮੈਟ ਵਿਚ ਕਪਤਾਨੀ ਛੱਡਣ ਤੋਂ ਬਾਅਦ ਮੈਦਾਨ 'ਤੇ ਉਦਾਸ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ : ਭਾਰਤ-ਦੱਖਣੀ ਅਫਰੀਕਾ ਦੇ ਪਹਿਲੇ ਮੈਚ 'ਚ ਅੰਪਾਇਰ ਇਰਾਸਮਸ ਪੂਰਾ ਕਰਨਗੇ ਵਨ ਡੇ ਮੈਚਾਂ ਦਾ ਸੈਂਕੜਾ
ਕੋਹਲੀ ਟੀ-20 ਤੋਂ ਬਾਅਦ ਵਨ ਡੇ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਸਨ ਤੇ ਇਸ ਮਾਮਲੇ 'ਤੇ ਉਨ੍ਹਾਂ ਦਾ ਬੀਸੀਸੀਆਈ ਨਾਲ ਵਿਵਾਦ ਹੋ ਗਿਆ। ਉਨ੍ਹਾਂ ਦੇ ਪ੍ਰਸ਼ੰਸਕ ਤੇ ਭਾਰਤੀ ਕ੍ਰਿਕਟ ਇਹੀ ਅਰਦਾਸ ਕਰ ਰਹੇ ਹੋਣਗੇ ਕਿ ਬੀਸੀਸੀਆਈ ਤੋਂ ਆਪਣੇ ਵਿਵਾਦ ਨੂੰ ਭੁਲਾ ਕੇ ਉਹ ਆਪਣੇ ਕਰੀਅਰ ਦੀ ਨਵੀਂ ਪਾਰੀ ਦਾ ਆਗਾਜ਼ ਕਰਨ ਜਿਸ ਵਿਚ ਸਿਰਫ਼ ਉਨ੍ਹਾਂ ਦਾ ਬੱਲਾ ਬੋਲਦਾ ਹੋਵੇ। ਦੋ ਸਾਲ ਬਾਅਦ ਉਨ੍ਹਾਂ ਦੇ ਬੱਲੇ ਤੋਂ ਸੈਂਕੜਾ ਲੱਗਣਾ ਵੀ ਸ਼ਾਨਦਾਰ ਹੋਵੇਗਾ। ਜ਼ਖ਼ਮੀ ਰੋਹਿਤ ਸ਼ਰਮਾ ਦੀ ਥਾਂ ਕਪਤਾਨੀ ਕਰ ਰਹੇ ਰਾਹੁਲ ਸੀਰੀਜ਼ ਵਿਚ ਕੋਹਲੀ ਤੋਂ ਸਲਾਹ ਜ਼ਰੂਰ ਲੈਣਗੇ।
ਕੋਹਲੀ ਨੇ ਬਤੌਰ ਬੱਲੇਬਾਜ਼ ਹੀ ਅਹਿਮ ਭੂਮਿਕਾ ਨਹੀਂ ਨਿਭਾਣੀ ਹੈ, ਸਗੋਂ ਜਿਵੇਂ ਕਿ ਉਪ-ਕਪਤਾਨ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਉਹ ਹਮੇਸ਼ਾ ਟੀਮ ਦੇ ਆਗੂ ਰਹਿਣਗੇ। ਨਵੇਂ ਕਪਤਾਨ ਤੇ ਸਹਿਯੋਗੀ ਸਟਾਫ ਦੇ ਨਾਲ ਇਹ ਸੀਰੀਜ਼ ਜਿੱਤ ਕੇ ਭਾਰਤ 2023 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰਨਾ ਚਾਹੇਗਾ। ਇਸ ਨਾਲ ਹੀ ਪਿਛਲੇ ਹਫ਼ਤੇ ਟੈਸਟ ਸੀਰੀਜ਼ 'ਚ ਹਾਰ ਨਾਲ ਮਿਲੇ ਜ਼ਖ਼ਮੀ 'ਤੇ ਮਲ੍ਹਮ ਵੀ ਲਾਉਣੀ ਹੈ। ਭਾਰਤ ਨੇ ਆਖ਼ਰੀ ਵਾਰ ਪੂਰੀ ਮਜ਼ਬੂਤ ਵਨ ਡੇ ਟੀਮ ਮਾਰਚ ਵਿਚ ਇੰਗਲੈਂਡ ਖ਼ਿਲਾਫ਼ ਉਤਾਰੀ ਸੀ। ਇਸ ਤੋਂ ਬਾਅਦ ਦੂਜੇ ਦਰਜੇ ਦੀ ਟੀਮ ਜੁਲਾਈ ਵਿਚ ਸ੍ਰੀਲੰਕਾ ਗਈ ਸੀ।
ਰਾਹੁਲ ਨੇ ਇੰਗਲੈਂਡ ਖ਼ਿਲਾਫ਼ ਮੱਧ ਕ੍ਰਮ ਵਿਚ ਬੱਲੇਬਾਜ਼ੀ ਕੀਤੀ ਸੀ ਤੇ ਹੁਣ ਇਹ ਦੇਖਣਾ ਪਵੇਗਾ ਕਿ ਕੀ ਉਹ ਮੁੜ ਸ਼ਿਖਰ ਧਵਨ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਹਨ। ਘਰੇਲੂ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਵਿਚ ਥਾਂ ਬਣਾਉਣ ਵਾਲੇ ਰੁਤੂਰਾਜ ਗਾਇਕਵਾੜ ਨੂੰ ਸ਼ੁਰੂਆਤ ਲਈ ਅਜੇ ਉਡੀਕ ਕਰਨੀ ਪਵੇਗੀ। ਧਵਨ ਲਈ ਇਹ ਤਿੰਨ ਮੈਚ ਕਾਫੀ ਅਹਿਮ ਹੋਣਗੇ ਕਿਉਂਕਿ ਟੀ-20 ਟੀਮ ਵਿਚੋਂ ਆਪਣੀ ਥਾਂ ਉਹ ਪਹਿਲਾਂ ਹੀ ਗੁਆ ਚੁੱਕੇ ਹਨ। ਕੋਹਲੀ ਤੀਜੇ ਨੰਬਰ 'ਤੇ ਉਤਰਨਗੇ ਜਦਕਿ ਚੌਥੇ ਨੰਬਰ ਲਈ ਸੂਰਯਕੁਮਾਰ ਯਾਦਵ ਤੇ ਸ਼੍ਰੇਅਸ ਅਈਅਰ ਵਿਚਾਲੇ ਚੋਣ ਹੋਵੇਗੀ। ਰਿਸ਼ਭ ਪੰਤ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਗੇ ਤੇ ਵੈਂਕਟੇਸ਼ ਅਈਅਰ ਛੇਵੇਂ ਨੰਬਰ 'ਤੇ ਉਤਰ ਕੇ ਸ਼ੁਰੂਆਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਆਸਟਰੇਲੀਆ ਓਪਨ : ਮੇਦਵੇਦੇਵ ਅਗਲੇ ਦੌਰ 'ਚ ਪੁੱਜੇ, ਫਰਨਾਂਡਿਜ਼ ਬਾਹਰ
ਸੰਭਾਵੀ ਪਲੇਇੰਗ ਇਲੈਵਨ
ਭਾਰਤ : ਕੇ. ਐੱਲ. ਰਾਹੁਲ (ਕਪਤਾਨ), ਜਸਪ੍ਰੀਤ ਬੁਮਰਾਹ, ਸ਼ਿਖਰ ਧਵਨ, ਰੁਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਿਸ਼ਭ ਪੰਤ, ਇਸ਼ਾਨ ਕਿਸ਼ਨ, ਯੁਜਵੇਂਦਰ ਚਾਹਲ, ਆਰ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਪ੍ਰਸਿੱਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਜਯੰਤ ਯਾਦਵ, ਨਵਦੀਪ ਸੈਣੀ।
ਦੱਖਣੀ ਅਫਰੀਕਾ :
ਤੇਂਬਾ ਬਾਵੁਮਾ (ਕਪਤਾਨ), ਕੇਸ਼ਵ ਮਹਾਰਾਜ, ਕਵਿੰਟਨ ਡਿਕਾਕ, ਜੁਬੈਰ ਹਮਜਾ, ਮਾਰਕੋ ਜੇਨਸੇਨ, ਜਾਨੇਮਨ ਮਲਾਨ, ਸਿਸਾਂਡਾ ਮਗਾਲਾ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਐਨਗਿਡੀ, ਵੇਨ ਪਰਨੇਲ, ਏਦਿਲੇ ਫੇਲੁਕਵਾਇਓ, ਡਵੇਨ ਪਿ੍ਰਟੋਰੀਅਸ, ਕੈਗਿਸੋ ਰਬਾਡਾ, ਤਬਰੇਜ਼ ਸ਼ਮਸੀ, ਰਾਸੀ ਵੇਨ ਡੇਰ ਡੁਸੇਨ, ਕਾਇਲ ਵੇਰੇਨੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।