ਰੁਤੂਰਾਜ ਗਾਇਕਵਾੜ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ, NCA ਪਾਇਆ ਅਨਫਿੱਟ
Thursday, Jan 26, 2023 - 08:05 PM (IST)

ਮੁੰਬਈ : ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਗੁੱਟ ਦੀ ਸੱਟ ਕਾਰਨ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਤੋਂ ਬਾਹਰ ਹੋ ਗਿਆ ਹੈ। ਕ੍ਰਿਕਬਜ਼ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸੱਟ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਲਈ ਰੁਤੂਰਾਜ ਦਾ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ ਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਆਗਾਮੀ ਟੀ-20 ਸੀਰੀਜ਼ ਲਈ ਅਣਫਿੱਟ ਐਲਾਨ ਦਿੱਤਾ ਗਿਆ।
ਗਾਇਕਵਾੜ ਨੇ ਆਖਰੀ ਵਾਰ ਮਹਾਰਾਸ਼ਟਰ ਲਈ ਹੈਦਰਾਬਾਦ ਖਿਲਾਫ ਰਣਜੀ ਟਰਾਫੀ ਮੈਚ ਖੇਡਿਆ ਸੀ ਜਿੱਥੇ ਉਸਨੇ ਪਹਿਲੀ ਪਾਰੀ ਵਿੱਚ ਅੱਠ ਦੌੜਾਂ ਬਣਾਈਆਂ ਸਨ ਅਤੇ ਦੂਜੀ ਵਿੱਚ ਜ਼ੀਰੋ। ਉਸ ਨੇ ਬਾਅਦ ਵਿੱਚ ਬੀਸੀਸੀਆਈ ਨੂੰ ਆਪਣੇ ਗੁੱਟ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ। ਇਹ ਦੂਜੀ ਵਾਰ ਹੈ ਜਦੋਂ ਗਾਇਕਵਾੜ ਨੂੰ ਗੁੱਟ ਦੀ ਸਮੱਸਿਆ ਹੋਈ ਹੈ। ਇਸੇ ਤਰ੍ਹਾਂ ਦੀ ਸੱਟ ਕਾਰਨ ਉਹ ਪਿਛਲੇ ਸਾਲ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਨਹੀਂ ਖੇਡ ਸਕੇ ਸਨ। ਕੋਵਿਡ ਟੈਸਟ ਲਈ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਹ ਪਿਛਲੇ ਸਾਲ ਵੈਸਟਇੰਡੀਜ਼ ਵਿਰੁੱਧ ਘਰੇਲੂ ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਸੀ।
ਗਾਇਕਵਾੜ ਦੇ ਅਨਫਿਟ ਹੋਣ ਨਾਲ ਪ੍ਰਿਥਵੀ ਸ਼ਾਅ ਦੀ ਭਾਰਤੀ ਟੀਮ 'ਚ ਵਾਪਸੀ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਦੌਰਾਨ ਬੀਸੀਸੀਆਈ 1 ਫਰਵਰੀ ਨੂੰ ਬਾਰਡਰ-ਗਾਵਸਕਰ ਸੀਰੀਜ਼ ਲਈ ਰਵਿੰਦਰ ਜਡੇਜਾ ਦੇ ਭਵਿੱਖ ਬਾਰੇ ਫੈਸਲਾ ਕਰੇਗੀ। ਗੋਡੇ ਦੀ ਸੱਟ ਤੋਂ ਉਭਰ ਕੇ ਚੇਨਈ ਵਿੱਚ ਰਣਜੀ ਟਰਾਫੀ ਵਿੱਚ ਸੌਰਾਸ਼ਟਰ ਦੀ ਅਗਵਾਈ ਕਰ ਰਹੇ ਜਡੇਜਾ ਦਾ ਭਵਿੱਖ ਤਾਮਿਲਨਾਡੂ ਖ਼ਿਲਾਫ਼ ਉਸ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ।