ਰੂਸ ਖਿਤਾਬ ਵੱਲ ਮਜ਼ਬੂਤੀ ਨਾਲ ਵਧਿਆ, ਭਾਰਤ ਦੂਜੇ ਸਥਾਨ ''ਤੇ

12/17/2017 4:22:02 AM

ਅਹਿਮਦਾਬਾਦ- ਇਕ ਦਿਨ ਦੇ ਆਰਾਮ ਤੋਂ ਬਾਅਦ ਸ਼ੁਰੂ ਹੋਏ ਵਿਸ਼ਵ ਅੰਡਰ-16 ਸ਼ਤਰੰਜ ਓਲੰਪੀਆਡ ਵਿਚ ਅੱਜ ਦਾ ਦਿਨ ਦੋ ਗੱਲਾਂ ਸਾਫ ਕਰ ਗਿਆ ਕਿ ਇਕ ਤਾਂ ਹੁਣ ਰੂਸ ਨੂੰ ਰੋਕਣਾ ਕਿਸੇ ਦੇ ਵੀ ਬੱਸ ਦੀ ਗੱਲ ਨਹੀਂ ਰਹੀ ਤੇ ਦੂਜਾ ਹੁਣ ਭਾਰਤ ਵੀ ਦੂਜੇ ਸਥਾਨ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਕੇ ਉਭਰ ਚੁੱਕਾ ਹੈ। ਅੱਜ ਰੂਸ ਨੇ ਪਹਿਲਾਂ ਇਕਤਰਫਾ ਅੰਦਾਜ਼ ਵਿਚ ਈਰਾਨ ਨੂੰ 3-1 ਨਾਲ ਹਰਾਇਆ ਤੇ ਦੂਜੇ ਰਾਊਂਡ ਵਿਚ ਤੁਰਕੀ ਨੂੰ 3-1 ਨਾਲ ਹਰਾ ਕੇ ਲਗਾਤਾਰ ਆਪਣੀ ਸੱਤਵੀਂ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਹੁਣ ਉਹ 14 ਅੰਕਾਂ ਨਾਲ ਖਿਤਾਬ  ਵੱਲ ਬਹੁਤ ਹੀ ਮਜ਼ਬੂਤੀ ਨਾਲ ਅੱਗੇ ਵਧ ਗਿਆ ਹੈ। 
ਭਾਰਤ-ਏ (ਇੰਡੀਆ ਗ੍ਰੀਨ) ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਛੇਵੇਂ ਰਾਊਂਡ ਵਿਚ ਉਸ ਨੇ ਭਾਰਤ-ਬੀ (ਇੰਡੀਆ ਰੈੱਡ) ਨੂੰ 3.5-0.5 ਨਾਲ ਹਰਾਉਂਦਿਆਂ ਵਾਪਸੀ ਕੀਤੀ। ਇਸ ਮੈਚ ਵਿਚ ਆਰੀਅਨ ਚੋਪੜਾ ਨੇ ਰਾਜਦੀਪ ਸਰਕਾਰ ਨੂੰ, ਪ੍ਰਗਿਆਨੰਦਾ ਨੇ ਐੱਸ. ਜੈਕੁਮਾਰ ਨੂੰ, ਇਨਯਾਨ ਪੀ. ਨੇ ਹਰਸ਼ਿਤਾ ਗੁਦਾਂਤੀ ਨੂੰ ਹਰਾਇਆ, ਜਦਕਿ ਨਿਹਾਲ ਸਰੀਨ ਨੇ ਅਰਜੁਨ ਐਰਗਾਸੀ ਨਾਲ ਡਰਾਅ ਖੇਡਿਆ। 7ਵੇਂ ਰਾਊਂਡ ਵਿਚ ਭਾਰਤ-ਏ ਨੇ ਬੇਲਾਰੂਸ ਨੂੰ 3-1 ਨਾਲ ਹਰਾ ਕੇ ਲੈਅ ਹਾਸਲ ਕਰ ਲਈ ਹੈ। ਇਸ ਮੈਚ ਵਿਚ ਪ੍ਰਗਿਆਨੰਦਾ, ਇਨਯਾਨ ਪੀ. ਤੇ ਵੈਸ਼ਾਲੀ ਨੇ ਆਪਣੇ ਮੈਚ ਜਿੱਤ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। 
7 ਰਾਊਂਡਾਂ ਤੋਂ ਬਾਅਦ ਰੂਸ 14 ਅੰਕ ਲੈ ਕੇ ਪਹਿਲੇ, ਭਾਰਤ-ਏ 11 ਅੰਕ ਲੈ ਕੇ ਦੂਜੇ, 10 ਅੰਕਾਂ ਨਾਲ ਅਰਮੀਨੀਆ ਤੇ ਈਰਾਨ ਤੀਜੇ ਸਥਾਨ 'ਤੇ ਸਾਂਝੇ ਤੌਰ 'ਤੇ ਚੱਲ ਰਹੇ ਹਨ।


Related News