ਟੀ-20 ਵਿਸ਼ਵ ਕੱਪ ਸੁਪਰ 8 ਮੈਚਾਂ ਤੋਂ ਪਹਿਲਾਂ ਬੋਲੇ ਰੋਹਿਤ, ਥੋੜ੍ਹਾ ਵਿਅਸਤ ਪ੍ਰੋਗਰਾਮ ਪਰ ਅਸੀਂ ਤਿਆਰ ਹਾਂ

Tuesday, Jun 18, 2024 - 04:54 PM (IST)

ਬ੍ਰਿਜਟਾਊਨ (ਬਾਰਬਾਡੋਸ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਨਿਆ ਕਿ ਟੀ-20 ਵਿਸ਼ਵ ਕੱਪ ਦਾ ਸੁਪਰ ਅੱਠ ਪੜਾਅ 'ਥੋੜਾ ਰੁਝੇਵਿਆਂ ਵਾਲਾ' ਹੋਣ ਵਾਲਾ ਹੈ ਪਰ ਉਨ੍ਹਾਂ ਦੇ ਖਿਡਾਰੀ ਇਸ ਲਈ ਤਿਆਰ ਹਨ ਕਿਉਂਕਿ ਉਨ੍ਹਾਂ 'ਚ 'ਕੁਝ ਖਾਸ' ਕਰਨ ਦੀ 'ਅਸਲ ਉਤਸੁਕਤਾ' ਹੈ। ਭਾਰਤ ਆਪਣੀ ਸੁਪਰ ਅੱਠ ਮੁਹਿੰਮ ਦੀ ਸ਼ੁਰੂਆਤ 20 ਜੂਨ ਨੂੰ ਅਫਗਾਨਿਸਤਾਨ ਖਿਲਾਫ ਕਰੇਗਾ। ਟੀਮ ਫਿਰ ਬੰਗਲਾਦੇਸ਼ (22 ਜੂਨ ਨੂੰ ਐਂਟੀਗਾ) ਅਤੇ ਆਸਟ੍ਰੇਲੀਆ (24 ਜੂਨ ਨੂੰ ਸੇਂਟ ਲੂਸੀਆ) ਦੇ ਖਿਲਾਫ ਖੇਡੇਗੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਅਪਲੋਡ ਕੀਤੇ ਗਏ ਇਕ ਵੀਡੀਓ 'ਚ ਰੋਹਿਤ ਨੇ ਕਿਹਾ, 'ਪਹਿਲਾ ਮੈਚ ਖੇਡਣ ਤੋਂ ਬਾਅਦ ਅਸੀਂ ਅਗਲੇ ਦੋ ਮੈਚ ਤਿੰਨ ਜਾਂ ਚਾਰ ਦਿਨਾਂ ਦੇ ਅੰਤਰਾਲ 'ਤੇ ਖੇਡਾਂਗੇ।' 37 ਸਾਲਾ ਖਿਡਾਰੀ ਨੇ ਕਿਹਾ, 'ਇਹ ਥੋੜਾ ਮੁਸ਼ਕਲ ਹੋਣ ਵਾਲਾ ਹੈ ਪਰ ਅਸੀਂ ਇਨ੍ਹਾਂ ਸਭ ਚੀਜ਼ਾਂ ਦੇ ਆਦੀ ਹੋ ਚੁੱਕੇ ਹਾਂ। ਅਸੀਂ ਬਹੁਤ ਯਾਤਰਾ ਕਰਦੇ ਹਾਂ ਅਤੇ ਬਹੁਤ ਖੇਡਦੇ ਹਾਂ ਇਸ ਲਈ ਇਹ ਕਦੇ ਬਹਾਨਾ ਨਹੀਂ ਬਣਣ ਵਾਲਾ।
ਭਾਰਤੀ ਟੀਮ ਨੇ ਸੋਮਵਾਰ ਨੂੰ ਲੰਬੇ ਅਭਿਆਸ ਸੈਸ਼ਨ 'ਚ ਹਿੱਸਾ ਲਿਆ, ਜਿਸ 'ਚ ਵਿਰਾਟ ਕੋਹਲੀ ਅਤੇ ਰੋਹਿਤ ਵਰਗੇ ਸੀਨੀਅਰ ਖਿਡਾਰੀਆਂ ਨੇ ਨੈੱਟ 'ਤੇ ਆਮ ਨਾਲੋਂ ਜ਼ਿਆਦਾ ਸਮਾਂ ਬਿਤਾਇਆ। ਰੋਹਿਤ ਨੇ ਕਿਹਾ, 'ਟੀਮ 'ਚ ਕੁਝ ਖਾਸ ਕਰਨ ਲਈ ਕਾਫੀ ਉਤਸੁਕਤਾ ਹੈ। ਇਹ ਦੂਜਾ ਪੜਾਅ ਸ਼ੁਰੂ ਕਰਨ ਦਾ ਵਧੀਆ ਤਰੀਕਾ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਹਰ ਕੋਈ ਇੱਕ ਫਰਕ ਲਿਆਉਣਾ ਚਾਹੁੰਦਾ ਹੈ ਅਤੇ ਅਸੀਂ ਆਪਣੇ ਹੁਨਰ ਸੈਸ਼ਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।'
ਉਨ੍ਹਾਂ ਨੇ ਕਿਹਾ ਕਿ “ਹਰ ਹੁਨਰ ਸੈਸ਼ਨ ਵਿੱਚ ਕੁਝ ਨਾ ਕੁਝ ਹਾਸਲ ਕਰਨਾ ਹੁੰਦਾ ਹੈ। ਆਯੋਜਕਾਂ ਦੁਆਰਾ ਵਰਤੀਆਂ ਗਈਆਂ ਡਰਾਪ-ਇਨ ਪਿੱਚਾਂ ਕਾਰਨ ਭਾਰਤੀ ਟੀਮ ਨੂੰ ਅਮਰੀਕੀ ਪੜਾਅ ਦੇ ਦੌਰਾਨ ਪ੍ਰਤੀਕੂਲ ਬੱਲੇਬਾਜ਼ੀ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਰੋਹਿਤ ਨੇ ਕਿਹਾ ਕਿ ਕੈਰੇਬੀਆਈ ਪੜਾਅ ਆਪਣੇ ਨਾਲ ਹਾਲਾਤਾਂ ਤੋਂ ਜਾਣੂ ਹੋਣ ਦੀ ਭਾਵਨਾ ਲੈ ਕੇ ਆਉਂਦਾ ਹੈ ਅਤੇ ਉਨ੍ਹਾਂ ਦੀ ਟੀਮ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗੀ।
ਉਨ੍ਹਾਂ ਨੇ ਕਿਹਾ, 'ਅਸੀਂ ਇੱਥੇ ਬਹੁਤ ਸਾਰੇ ਮੈਚ ਦੇਖੇ ਹਨ, ਅਸੀਂ ਇੱਥੇ ਬਹੁਤ ਸਾਰੇ ਮੈਚ ਖੇਡੇ ਹਨ। ਇਸ ਲਈ ਹਰ ਕੋਈ ਸਮਝਦਾ ਹੈ ਕਿ ਨਤੀਜੇ ਨੂੰ ਆਪਣੇ ਹੱਕ ਵਿੱਚ ਕਰਨ ਲਈ ਕੀ ਕਰਨਾ ਪਵੇਗਾ। ਭਾਰਤੀ ਟੀਮ ਨੇ ਲੀਗ ਗੇੜ ਵਿੱਚ ਆਇਰਲੈਂਡ, ਪਾਕਿਸਤਾਨ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਹਰਾਇਆ ਸੀ ਜਦੋਂ ਕਿ ਕੈਨੇਡਾ ਦੇ ਖਿਲਾਫ ਉਸਦਾ ਆਖ਼ਰੀ ਗਰੁੱਪ ਮੈਚ ਫਲੋਰੀਡਾ ਵਿੱਚ ਗਿੱਲੇ ਆਉਟਫੀਲਡ ਕਾਰਨ ਰੱਦ ਕਰ ਦਿੱਤਾ ਗਿਆ ਸੀ।
 


Aarti dhillon

Content Editor

Related News