ਰੋਹਿਤ-ਕੋਹਲੀ ਦੇ ਨਿਸ਼ਾਨੇ ''ਤੇ ਹੋਵੇਗਾ ਗਾਂਗੁਲੀ ਦਾ 20 ਸਾਲ ਪੁਰਾਣਾ ਰਿਕਰਾਡ

05/18/2019 6:14:31 PM

ਨਵੀਂ ਦਿੱਲੀ— ਰੋਹਿਤ ਸ਼ਰਮਾ ਦੇ ਨਾਂ 'ਤੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਵਿਚ ਰਿਕਰਾਡ 3 ਦੋਹਰੇ ਸੈਂਕੜੇ ਦਰਜ ਹਨ ਤੇ ਇਹ ਸਲਾਮੀ ਬੱਲੇਬਾਜ਼ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਵਿਚ ਲੰਬੀਆਂ ਪਾਰੀਆਂ ਖੇਡਣ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਕੇ ਸੌਰਭ ਗਾਂਗੁਲੀ ਦੇ 20 ਸਾਲ ਪੁਰਾਣੇ ਭਾਰਤੀ ਰਿਕਰਾਡ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ।

ਰੋਹਿਤ ਹੀ ਨਹੀਂ ਸਗੋਂ ਚੋਟੀਕ੍ਰਮ ਦੇ ਹੋਰ ਦੋ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਵੀ ਵੱਡੀਆਂ ਪਾਰੀਆਂ ਖੇਡ ਕੇ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ ਬੈਸਟ ਸਕੋਰ ਦਾ ਭਾਰਤੀ ਰਿਕਾਰਡ ਆਪਣੇ ਨਾਂ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ।  ਹਰ ਚਾਰ ਸਾਲ ਵਿਚ ਹੋਣ ਵਾਲੇ ਕ੍ਰਿਕਟ ਮਹਾਕੁੰਭ ਵਿਚ ਵੈਸੇ ਤੋਂ ਦੋ ਦੋਹਰੇ ਸੈਂਕੜੇ ਲੱਗੇ ਹਨ ਪਰ ਭਾਰਤ ਵਲੋਂ ਸਰਵਉੱਚ ਸਕੋਰ 183 ਦੌੜਾਂ ਹੈ, ਜਿਹੜਾ ਗਾਂਗੁਲੀ ਨੇ 1999 ਵਿਚ ਟਾਂਟਨ ਵਿਚ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ। ਇਸ ਤੋਂ ਬਾਅਦ ਵਿਸ਼ਵ ਕੱਪ ਵਿਚ ਦੋ ਮੌਕਿਆਂ 'ਤੇ ਭਾਰਤੀ ਬੱਲੇਬਾਜ਼ਾਂ ਨੇ 150 ਦੇ ਸਕੋਰ ਨੂੰ ਪਾਰ ਕੀਤਾ।

ਵਰਿੰਦਰ ਸਹਿਵਾਗ ਦੇ ਕੋਲ 2011 ਵਿਚ ਬੰਗਲਾਦੇਸ਼ ਵਿਰੁੱਧ ਢਾਕਾ ਵਿਚ ਗਾਂਗੁਲੀ ਦਾ ਰਿਕਰਾਡ ਤੋੜਨ ਦਾ ਸੁਨਹਿਰੀ ਮੌਕਾ ਸੀ ਪਰ ਉਹ ਕਪਿਲ ਦੇਵ ਦੀ 1983 ਵਿਚ ਖੇਡੀ ਗਈ ਇਤਿਹਾਸਕ ਅਜੇਤੂ 175 ਦੌੜਾਂ ਦੀ ਪਾਰੀ ਦੀ ਬਰਾਬਰੀ ਕਰਕੇ ਪੈਵੇਲੀਅਨ ਪਰਤ ਗਿਆ। ਸਚਿਨ ਤੇਂਦੁਲਕਰ ਨੇ 2003 ਵਿਚ ਨਾਮੀਬੀਆ ਵਿਰੁੱਧ ਪੀਟਰਮੈਰਿਚਟਜਬਰਗ ਵਿਚ 152 ਦੌੜਾਂ ਬਣਾਈਆਂ ਸਨ। ਵਨ ਡੇ ਵਿਚ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲੇ ਤੇਂਦੁਲਕਰ ਦਾ ਇਹ ਵਿਸ਼ਵ ਕੱਪ ਵਿਚ ਬੈਸਟ ਸਕੋਰ ਵੀ ਹੈ।

ਇੰਗਲੈਂਡ ਦੀਆਂ ਪਿੱਚਾਂ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਇਸ ਸਮੇਂ ਬੱਲੇਬਾਜ਼ਾਂ ਲਈ ਵੱਧ ਅਨੁਕੂਲ ਹਨ ਤੇ ਉਨ੍ਹਾਂ 'ਤੇ ਇਕ ਪਾਰੀ ਵਿਚ 500 ਦਾ ਸਕੋਰ ਵੀ ਬਣ ਸਕਦਾ ਹੈ, ਅਜਿਹੇ ਵਿਚ ਭਾਰਤੀ ਚੋਟੀਕ੍ਰਮ ਦੇ ਕਿਸੇ ਬੱਲੇਬਾਜ਼ ਤੋਂ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਰੋਹਿਤ ਪ੍ਰਮੁੱਖ ਹੈ, ਜਿਹੜਾ ਵਨ ਡੇ ਵਿਚ ਹੁਣ ਤਕ ਰਿਕਾਰਡ 7 ਵਾਰ 150 ਜਾਂ ਇਸ ਤੋਂ ਵੱਧ ਦਾ ਸਕੋਰ ਬਣਾ ਚੁੱਕਾ ਹੈ ਤੇ ਉਸਦਾ ਬੈਸਟ ਸਕੋਰ 264 ਦੌੜਾਂ ਹੈ, ਜਿਹੜਾ ਵਿਸ਼ਵ ਰਿਕਰਾਡ ਹੈ।

ਰੋਹਿਤ ਦਾ ਵਿਸ਼ਵ ਕੱਪ ਵਿਚ ਬੈਸਟ ਸਕੋਰ ਹਾਲਾਂਕਿ 137 ਦੌੜਾਂ ਹੈ, ਜਿਹੜਾ ਉਸ ਨੇ 4 ਸਾਲ ਪਹਿਲਾਂ ਮੈਲਬੋਰਨ ਵਿਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ। ਧਵਨ ਨੇ ਵੀ ਮੈਲਬੋਰਨ ਵਿਚ ਹੀ 2015 ਵਿਚ ਦੱਖਣੀ ਅਫਰੀਕਾ ਵਿਰੁੱਧ 137 ਦੌੜਾਂ ਦੀ ਪਾਰੀ ਖੇਡੀ ਸੀ ਜਿਹੜਾ ਉਸਦਾ ਵਿਸ਼ਵ ਕੱਪ ਵਿਚ ਬੈਸਟ ਸਕੋਰ ਹੈ। ਧਵਨ ਨੇ ਲਿਸਟ ਏ ਵਿਚ ਇਕ ਵਾਰ 248 ਦੌੜਾਂ ਬਣਾਈਆਂ ਸਨ ਪਰ ਇਹ ਖੱਬੇ ਹੱਥ ਦਾ ਬੱਲੇਬਾਜ਼ ਵਨ ਡੇ ਵਿਚ ਅਜੇ ਤਕ 150 ਦੌੜਾਂ  ਨੂੰ ਨਹੀਂ ਛੂ ਸਕਿਆ ਹੈ।


Related News