ਬੋਪੰਨਾ ਦੀ ਹਾਰ ਦੇ ਨਾਲ ਫਰੈਂਚ ਓਪਨ ’ਚ ਭਾਰਤੀ ਮੁਹਿੰਮ ਖ਼ਤਮ
Tuesday, Jun 08, 2021 - 10:27 AM (IST)
ਪੈਰਿਸ— ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਉਨ੍ਹਾਂ ਦੇ ਜੋੜੀਦਾਰ ਫ਼੍ਰੈਂਕੋ ਕੁਗੋਰ ਨੂੰ ਸੋਮਵਾਰ ਨੂੰ ਇੱਥੇ ਪੁਰਸ਼ ਡਬਲਜ਼ ਕੁਆਰਟਰ ਫ਼ਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਫ਼ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ। ਬੋਪੰਨਾ ਤੇ ਕੁਗੋਰ ਨੂੰ ਪਾਬਲੋ ਐਂਡੁਜਾਰ ਤੇ ਪੇਡ੍ਰੋੋੋੋ ਮਾਰਟਿਨੇਜ ਦੀ ਸਪੇਨ ਦੀ ਜੋੜੀ ਦੇ ਖ਼ਿਲਾਫ਼ ਇਕ ਘੰਟਾ ਤੇ 17 ਮਿੰਟ ਤਕ ਚਲੇ ਮੁਕਾਬਲੇ ’ਚ ਸਿੱਧੇ ਸੈੱਟਾਂ ’ਚ 5-7, 3-6 ਨਾਲ ਹਾਰ ਝਲਣੀ ਪਈ।
ਭਾਰਤ ਤੇ ਕ੍ਰੋਏਸ਼ੀਆ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਨੂੰ ਐਤਵਾਰ ਨੂੰ ਪ੍ਰੀ ਕੁਆਰਟਰ ਫ਼ਾਈਨਲ ’ਚ ਨੀਦਰਲੈਂਡ ਦੇ ਮਾਤਵੇ ਮਿਡਲਕੂਪ ਤੇ ਅਲ ਸਲਵਾਡੋਰ ਦੇ ਮਾਰਸੇਲੋ ਅਰੇਵਾਲੋ ਦੀ ਜੋੜੀ ਦੇ ਖ਼ਿਲਾਫ਼ ਵਾਕਓਵਰ ਮਿਲਿਆ ਸੀ। ਪਿਛਲੇ ਹਫ਼ਤੇ ਦਿਵਿਜ ਸ਼ਰਣ ਤੇ ਅੰਕਿਤਾ ਰੈਨਾ ਨੂੰ ਆਪਣੇ ਕ੍ਰਮਵਾਰ ਪੁਰਸ਼ ਤੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਦੇ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਗਲ ਵਰਗ ’ਚ ਸੁਮਿਤ ਨਾਗਲ, ਰਾਮਕੁਮਾਰ ਰਾਮਨਾਥਨ, ਪ੍ਰਜਨੇਸ਼ ਗੁਣੇਸ਼ਵਰਨ ਤੇ ਅੰਕਿਤਾ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਤੋਂ ਖੁੰਝੇ ਗਏ ਸਨ।