ਰਿਸ਼ਭ ਪੰਤ ਦੀ ਹਾਲਤ 'ਚ ਸੁਧਾਰ, ICU ਤੋਂ ਪ੍ਰਾਈਵੇਟ ਵਾਰਡ 'ਚ ਹੋਏ ਸ਼ਿਫਟ
Monday, Jan 02, 2023 - 07:23 PM (IST)
ਦੇਹਰਾਦੂਨ— ਕ੍ਰਿਕਟਰ ਰਿਸ਼ਭ ਪੰਤ ਨੂੰ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਮੈਕਸ ਹਸਪਤਾਲ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਉਸ ਨੂੰ ਇਕ ਪ੍ਰਾਈਵੇਟ ਵਾਰਡ ਵਿਚ ਭੇਜ ਦਿੱਤਾ ਗਿਆ ਸੀ, ਪਰ ਉਸ ਦੀ ਲੱਤ ਵਿਚ ਦਰਦ ਜਾਰੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਐਮਆਰਆਈ ਦੀ ਕੋਈ ਯੋਜਨਾ ਨਹੀਂ ਹੈ।
ਪੰਤ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਸ਼ੁੱਕਰਵਾਰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਇਕ ਸੜਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਲਗਜ਼ਰੀ ਕਾਰ ਨੂੰ ਅੱਗ ਲੱਗ ਗਈ। ਉਹ ਆਪਣੀ ਮਾਂ ਨੂੰ ‘ਸਰਪ੍ਰਾਈਜ਼’ ਦੇਣ ਲਈ ਰੁੜਕੀ ਜਾ ਰਹੇ ਸੀ। ਸਥਾਨਕ ਹਸਪਤਾਲ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦਾ ਮੈਕਸ ਦੇਹਰਾਦੂਨ 'ਚ ਇਲਾਜ ਚੱਲ ਰਿਹਾ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਨਿਰਦੇਸ਼ਕ ਸ਼ਿਆਮ ਸ਼ਰਮਾ, ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਅਨੁਪਮ ਖੇਰ ਹਸਪਤਾਲ ਵਿੱਚ ਪੰਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ। ਪੰਤ ਨੇ ਹੁਣ ਤੱਕ 33 ਟੈਸਟਾਂ ਵਿੱਚ ਪੰਜ ਸੈਂਕੜੇ ਅਤੇ 11 ਅਰਧ ਸੈਂਕੜੇ ਸਮੇਤ 2,271 ਦੌੜਾਂ ਬਣਾਈਆਂ ਹਨ। ਉਹ 30 ਵਨਡੇ ਅਤੇ 66 ਟੀ-20 ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ।