ਨਿਊਜ਼ੀਲੈਂਡ ਦੇ ਕੋਚ ਦਾ ਖ਼ੁਲਾਸਾ, WTC ਫ਼ਾਈਨਲ ’ਚ ਨਿਸ਼ਾਨੇ ’ਤੇ ਹੋਵੇਗਾ ਇਹ ਭਾਰਤੀ ਬੱਲੇਬਾਜ਼
Monday, May 24, 2021 - 04:20 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਸਾਊਥੰਪਟਨ ’ਚ 18 ਤੋਂ 22 ਜੂਨ ਵਿਚਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਦਰਮਿਆਨ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇਸ ਦੌਰਾਨ ਜਿੱਥੇ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਜਿਹੇ ਵੱਡੇ ਬੱਲੇਬਾਜ਼ਾਂ ’ਤੇ ਹੋਣਗੀਆਂ ਉੱਥੇ ਹੀ ਨਿਊਜ਼ੀਲੈਂਡ ਦੇ ਗੇਂਦਬਾਜ਼ੀ ਕੋਚ ਸ਼ੇਨ ਜਰਗੇਸਨ ਨੇ ਕਿਹਾ ਕਿ ਸਾਨੂੰ ਰਿਸ਼ਭ ਪੰਤ ’ਤੇ ਧਿਆਨ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : ਆਕਸੀਜਨ ਲਗਾ ਕੇ ਖਾਣਾ ਬਣਾਉਂਦੀ ਮਾਂ ਦੀ ਮਦਦ ਲਈ ਅੱਗੇ ਆਏ ਸਹਿਵਾਗ, ਕਿਹਾ- ਅਸੀਂ ਪਹੁੰਚਾਵਾਂਗੇ ਭੋਜਨ
ਨਿਊਜ਼ੀਲੈਂਡ ਦੇ ਗੇਂਦਬਾਜ਼ੀ ਕੋਚ ਨੇ ਇਕ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ, ਪੰਤ ਬਹੁਤ ਖ਼ਤਰਨਾਕ ਖਿਡਾਰੀ ਹੈ, ਜੋ ਕਦੀ ਵੀ ਮੈਚ ਪਲਟ ਸਕਦਾ ਹੈ। ਉਨ੍ਹਾਂ ਕਿਹਾ, ਆਸਟਰੇਲੀਆ ਤੇ ਇੰਗਲੈਂਡ ਖ਼ਿਲਾਫ਼ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖ ਚੁੱਕੇ ਹਾਂ। ਉਹ ਹਾਂ-ਪੱਖੀ ਰਵੱਈਏ ਨਾਲ ਮੈਦਾਨ ’ਤੇ ਉਤਰਦੇ ਹਨ, ਪਰ ਆਊਟ ਕਰਨ ਦੇ ਵੀ ਮੌਕੇ ਬਣਦੇ ਹਨ। ਸਾਡੇ ਗੇਂਦਬਾਜ਼ਾਂ ਨੂੰ ਰਣਨੀਤੀ ’ਤੇ ਧਿਆਨ ਦਿੰਦੇ ਹੋਏ ਪੰਤ ਲਈ ਦੌੜਾਂ ਬਣਾਉਣਾ ਮੁਸ਼ਕਲ ਕਰਨਾ ਹੋਵੇਗਾ। ਉਹ ਤੇਜ਼ੀ ਨਾਲ ਖੇਡਦੇ ਹਨ ਤੇ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ, ਜੋ ਸਾਨੂੰ ਧਿਆਨ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਫ਼ੁੱਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰਾਲਾ ਦੇਵੇਗਾ ਮਾਲੀ ਮਦਦ
ਜ਼ਿਕਰਯੋਗ ਹੈ ਕਿ ਭਾਰਤ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ’ਚ 3-1 ਨਾਲ ਜਿੱਤ ਦਰਜ ਕਰਦੇ ਹੋਏ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਜਗ੍ਹਾ ਪੱਕੀ ਕੀਤੀ ਸੀ। ਵਰਲਡ ਟੈਸਟ ਚੈਂਪੀਅਨਸ਼ਿਪ ਦੇ ਦੌਰਾਨ ਪੰਤ ਨੇ 17 ’ਚੋਂ 11 ਮੈਚਾਂ ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ 18 ਪਾਰੀਆਂ ’ਚ ਹਿੱਸਾ ਲੈਂਦੇ ਹੋਏ 41 ਤੋਂ ਜ਼ਿਆਦਾ ਦੀ ਔਸਤ ਨਾਲ 662 ਦੌੜਾਂ ਬਣਾਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।