ਰਿਸ਼ਭ ਅਤੇ ਸ਼ੁਭਮਨ ਨੂੰ ਟੀਮ ਇੰਡੀਆ ''ਚੋਂ ਕੀਤਾ ਗਿਆ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ
Saturday, Nov 23, 2019 - 10:43 AM (IST)

ਨਵੀਂ ਦਿੱਲੀ— ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨੂੰ ਮੌਜੂਦਾ ਭਾਰਤ-ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੀ ਟੈਸਟ ਸੀਰੀਜ਼ 'ਚੋਂ ਬਾਹਰ ਕਰ ਦਿੱਤਾ ਹੈ। ਬੰਗਲਾਦੇਸ਼ ਖਿਲਾਫ ਪਿੰਕ ਬਾਲ ਟੈਸਟ ਮੈਚ 'ਚ ਪਲੇਇੰਗ ਇਲੈਵਨ 'ਚੋਂ ਬਾਹਰ ਚਲ ਰਹੇ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਖੇਡਣ ਲਈ ਟੀਮ 'ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਰਿਸ਼ਭ ਪੰਤ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਕੇ. ਐੱਸ. ਭਰਤ ਨੂੰ ਟੀਮ 'ਚ ਜਗ੍ਹਾ ਮਿਲੀ ਹੈ।
ਦਰਅਸਲ, ਬੀ. ਸੀ. ਸੀ. ਆਈ. ਦੇ ਸੂਤਰ ਨੇ ਕਿਹਾ, ''ਰਿਸ਼ਭ ਪੰਤ ਵੈਸਟਇੰਡੀਜ਼ ਖਿਲਾਫ ਸਾਰੇ 6 ਮੈਚ (3 ਟੀ-20 ਅਤੇ 3 ਵਨ-ਡੇ) ਲਈ ਟੀਮ ਇੰਡੀਆ ਦੀ ਟੀਮ 'ਚ ਹਨ। ਚੋਣਕਰਤਾਵਾਂ ਨੇ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਉਹ ਇਸ ਵਿਚਾਲੇ ਦਿੱਲੀ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਖੇਡਣ।''
ਜ਼ਿਕਰਯੋਗ ਹੈ ਕਿ 26 ਸਾਲਾ ਕੇ. ਐੱਸ. ਭਰਤ ਨੇ 69 ਪਹਿਲੇ ਦਰਜੇ ਦੇ ਮੈਚਾਂ 'ਚ ਅੱਠ ਸੈਂਕੜੇ ਅਤੇ 20 ਅਰਧ ਸੈਂਕੜਿਆਂ ਦੇ ਨਾਲ 3,909 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਤੀਹਰਾ ਸੈਂਕੜਾ ਵੀ ਸ਼ਾਮਲ ਹੈ। ਇਸੇ ਤਰ੍ਹਾਂ 51 ਲਿਸਟ ਏ ਮੈਚਾਂ 'ਚ ਕੋਨਾ ਸ਼੍ਰੀਕਰ ਭਰਤ ਨੇ 28 ਦੇ ਕਰੀਬ ਦੇ ਔਸਤ ਨਾਲ 1351 ਦੌੜਾਂ ਬਣਾਈਆਂ ਹਨ, ਜਿਸ 'ਚ 3 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ 43 ਟੀ-20 ਮੈਚਾਂ 'ਚ ਉਨ੍ਹਾਂ ਦੇ ਨਾਂ 615 ਦੌੜਾਂ ਦਰਜ ਹਨ। 26 ਸਾਲਾ ਕੇ. ਐੱਸ. ਭਰਤ ਅੱਵਲ ਦਰਜੇ ਦੇ ਵਿਕਟਕੀਪਰ ਮੰਨੇ ਜਾਂਦੇ ਹਨ।