BCCI ਦੇ ਪ੍ਰਸਤਾਵਿਤ ਟੂਰਨਾਮੈਂਟ ''ਤੇ ICC ਮੈਂਬਰਾਂ ਨਾਲ ਗੱਲ ਕਰਨ ਲਈ ਤਿਆਰ : ECB
Wednesday, Dec 25, 2019 - 01:03 AM (IST)

ਲੰਡਨ- ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ 4 ਦੇਸ਼ਾਂ ਦੇ ਪ੍ਰਸਤਾਵਿਤ ਟੂਰਨਾਮੈਂਟ 'ਤੇ ਬੀ. ਸੀ. ਸੀ. ਆਈ. ਨਾਲ ਚਰਚਾ ਦੀ ਗੱਲ ਮੰਨ ਲਈ ਹੈ। ਇਸ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਹਰ ਸਾਲ ਇਕ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਤੋਂ ਰੋਕਣ ਦੇ ਯਤਨ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਬੀ. ਸੀ. ਸੀ. ਆਈ. ਵਲੋਂ ਪ੍ਰਸਤਾਵਿਤ ਇਸ ਸਾਲਾਨਾ ਟੂਰਨਾਮੈਂਟ ਵਿਚ 3 ਵੱਡੇ ਦੇਸ਼ਾਂ ਭਾਰਤ, ਇੰਗਲੈਂਡ ਅਤੇ ਆਸਟਰੇਲੀਆ (ਬਿੱਗ ਥ੍ਰੀ) ਤੋਂ ਇਲਾਵਾ ਇਕ ਹੋਰ ਟੀਮ ਹਿੱਸਾ ਲਵੇਗੀ। ਈ. ਸੀ. ਬੀ. ਨੇ ਕਿਹਾ ਕਿ ਅਸੀਂ ਕ੍ਰਿਕਟ ਖੇਡਣ ਵਾਲੇ ਹੋਰ ਵੱਡੇ ਦੇਸ਼ਾਂ ਦੇ ਅਧਿਕਾਰੀਆਂ ਨਾਲ ਨਿਯਮਿਤ ਤੌਰ 'ਤੇ ਮਿਲਦੇ ਹਾਂ, ਜਿਨ੍ਹਾਂ ਕੋਲੋਂ ਅਸੀਂ ਜੋ ਸਿੱਖਿਆ ਹੈ, ਉਸ ਨੂੰ ਸਾਂਝਾ ਕੀਤਾ ਜਾ ਸਕੇ। ਸਾਡੀ ਖੇਡ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ 'ਤੇ ਚਰਚਾ ਕੀਤੀ ਜਾ ਸਕੇ।
ਦਸੰਬਰ ਵਿਚ ਬੀ. ਸੀ. ਸੀ. ਆਈ. ਨਾਲ ਹੋਈ ਬੈਠਕ ਵਿਚ 4 ਦੇਸ਼ਾਂ ਦੇ ਟੂਰਨਾਮੈਂਟ ਦਾ ਮੁੱਦਾ ਉੱਠਿਆ ਸੀ। ਅਸੀਂ ਆਈ. ਸੀ. ਸੀ. ਦੇ ਹੋਰ ਮੈਂਬਰਾਂ ਨਾਲ ਚਰਚਾ ਦਾ ਬਦਲ ਖੁੱਲ੍ਹਾ ਰੱਖਿਆ ਹੈ, ਜਿਸ ਨਾਲ ਦੇਖਿਆ ਜਾ ਸਕੇ ਕਿ ਇਸ ਕਲਪਨਾ ਨੂੰ ਸਾਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਸ ਪ੍ਰਸਤਾਵਿਤ ਟੂਰਨਾਮੈਂਟ ਦੀ ਮੇਜ਼ਬਾਨੀ 2021 ਤੋਂ ਬਿੱਗ ਥ੍ਰੀ 1-1 ਕਰ ਕੇ ਕਰਨਗੇ। ਇਸ ਨੂੰ ਲੈ ਕੇ ਹਾਲਾਂਕਿ ਵਿਚਾਰ ਅਲੱਗ-ਅਲੱਗ ਹਨ। ਇਸ ਟੂਰਨਾਮੈਂਟ ਨਾਲ ਇਸ ਵਿਚ ਹਿੱਸਾ ਲੈਣ ਵਾਲੇ ਬੋਰਡ ਦੇ ਮਾਲੀਏ ਵਿਚ ਵਾਧੇ ਦੀ ਉਮੀਦ ਹੈ। ਆਈ. ਸੀ. ਸੀ. ਵੀ 3 ਤੋਂ ਜ਼ਿਆਦਾ ਟੀਮਾਂ ਦੇ ਇਸ ਤਰ੍ਹਾਂ ਦੇ ਕਿਸੇ ਟੂਰਨਾਮੈਂਟ ਨੂੰ ਮਨਜ਼ੂਰੀ ਨਹੀਂ ਦਿੰਦਾ, ਜਿਸਦਾ ਆਯੋਜਨ ਉਹ ਨਹੀਂ ਕਰਦਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਭ ਗਾਂਗੁਲੀ ਪਹਿਲਾਂ ਹੀ ਇਸ ਟੂਰਨਾਮੈਂਟ ਨੂੰ ਲੈ ਕੇ ਆਪਣਾ ਪੱਖ ਰੱਖ ਚੁੱਕੇ ਹਨ, ਜਦਕਿ ਈ. ਸੀ. ਬੀ. ਨੇ ਵੀ ਇਸ 'ਤੇ ਚਰਚਾ ਹੋਣ ਦੀ ਗੱਲ ਮੰਨੀ ਹੈ ਪਰ ਕ੍ਰਿਕਟ ਆਸਟਰੇਲੀਆ ਨੇ ਹੁਣ ਤੱਕ ਇਸ ਵਿਸ਼ੇ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।