19 ਸਾਲਾਂ ਦਾ ਇਹ ਭਾਰਤੀ ਦੌੜਾਕ ''ਉਸੇਨ ਬੋਲਟ'' ਨੂੰ ਦੇ ਰਿਹੈ ਟੱਕਰ (ਦੇਖੋ ਵੀਡੀਓ)

08/18/2019 10:31:29 AM

ਸਪੋਰਟਸ ਡੈਸਕ- ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ ਉਸੇਨ ਬੋਲਟ ਨੂੰ ਕੌਣ ਨਹੀਂ ਜਾਣਦਾ, ਚੀਤੇ ਵਰਗੀ ਰਫ਼ਤਾਰ ਵਾਲੇ ਬੋਲਟ ਨੇ ਭਾਵੇਂ ਮੈਦਾਨ 'ਤੇ ਦੌੜਨਾ ਛੱਡ ਦਿੱਤਾ ਹੈ ਪਰ ਉਸ ਵੱਲੋਂ ਬਣਾਏ ਰਿਕਾਰਡ ਅਜੇ ਵੀ ਕਾਇਮ ਹਨ। ਉਸ ਦੇ ਕਈ ਰਿਕਾਰਡਾਂ ਨੂੰ ਦੇਖ ਕੇ ਅਕਸਰ ਕਿਹਾ ਜਾਂਦਾ ਹੈ ਕਿ ਸ਼ਾਇਦ ਹੀ ਕੋਈ 'ਮਾਈ ਦਾ ਲਾਲ' ਉਸ ਦਾ ਰਿਕਾਰਡ ਤੋੜ ਸਕੇ। ਜਿਸ ਦੌੜ ਵਿਚ ਬੋਲਟ ਸ਼ਾਮਲ ਹੁੰਦਾ ਸੀ। ਉਸ ਦੌੜ ਵਿਚੋਂ ਕੋਈ ਦੌੜਾਕ ਫਸਟ ਪੁਜ਼ੀਸ਼ਨ 'ਤੇ ਆਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਸੀ ਪਰ ਹੁਣ ਇੰਝ ਲਗਦਾ ਹੈ ਕਿ ਬੋਲਟ ਦੇ ਰਿਕਾਰਡ ਨੂੰ ਤੋੜਨ ਵਾਲਾ ਪੈਦਾ ਹੋ ਗਿਆ ਹੈ। ਉਹ ਵੀ ਭਾਰਤ ਦੇ ਮੱਧ ਪ੍ਰਦੇਸ਼ ਵਿਚ, ਅਸੀਂ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਵਿਚ ਸ਼ਿਵਪੁਰੀ ਦੇ 19 ਸਾਲਾ ਰਾਮੇਸ਼ਵਰ ਗੁੱਜਰ ਦੀ, ਜਿਸ ਦੀ ਚੀਤੇ ਵਰਗੀ ਰਫ਼ਤਾਰ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਹੁਣ ਜਲਦ ਹੀ ਬੋਲਟ ਦਾ ਰਿਕਾਰਡ ਟੁੱਟਣ ਵਾਲਾ ਹੈ।
 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਕਿਸਾਨ ਪਰਿਵਾਰ ਵਿਚ ਜਨਮੇ ਰਾਮੇਸ਼ਵਰ ਨੇ 100 ਮੀਟਰ ਦੀ ਦੌੜ ਨੂੰ ਮਹਿਜ਼ 11 ਸਕਿੰਟ ਵਿਚ ਪੂਰਾ ਕਰ ਦਿੱਤਾ। ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਰਾਮੇਸ਼ਵਰ ਦੀ ਇਸ ਦੌੜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਵੱਲੋਂ ਰਾਮੇਸ਼ਵਰ ਨੂੰ ਮੱਧ ਪ੍ਰਦੇਸ਼ ਦਾ ਬੋਲਟ ਕਹਿ ਕੇ ਕੁਮੈਂਟ ਕੀਤੇ ਜਾ ਰਹੇ ਹਨ। ਰਾਮੇਸ਼ਵਰ ਦੇ ਇਸ ਕਾਰਨਾਮੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਮੇਸ਼ਵਰ ਦੀ ਤਾਰੀਫ਼ ਕਰਦਿਆਂ ਉਸ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਨਾਲ ਹੀ ਉਨ੍ਹਾਂ ਦੇਸ਼ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਅਪੀਲ ਕੀਤੀ ਹੈ ਕਿ ਉਹ ਰਮੇਸ਼ਵਰ ਦੀ ਮਦਦ ਕਰਨ। ਕੇਂਦਰੀ ਖੇਡ ਮੰਤਰੀ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਨੌਜਵਾਨ ਨੂੰ ਅਪਣੇ ਕੋਲ ਬੁਲਾਉਣ ਦੀ ਗੱਲ ਆਖੀ ਹੈ। 10ਵੀਂ ਜਮਾਤ ਤਕ ਪੜ੍ਹਿਆ ਰਾਮੇਸ਼ਵਰ ਕਾਫ਼ੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਸੂਬਾਈ ਖੇਡ ਮੰਤਰੀ ਵੱਲੋਂ ਸੱਦਾ ਮਿਲਣ 'ਤੇ ਉਹ ਕਾਫ਼ੀ ਉਤਸ਼ਾਹਿਤ ਹੈ। ਰਾਮੇਸ਼ਵਰ ਦਾ ਕਹਿਣਾ ਹੈ ਕਿ ਉਸ ਨੂੰ ਇਕ ਮੌਕੇ ਦਾ ਇੰਤਜ਼ਾਰ ਹੈ ਅਤੇ ਉਹ ਕਿਸੇ ਵੀ ਦੌੜ ਵਿਚ ਦੇਸ਼ ਅਤੇ ਸੂਬੇ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕਰੇਗਾ। ਖ਼ੈਰ, ਮੱਧ ਪ੍ਰਦੇਸ਼ ਦੇ ਲੋਕ ਵੀ ਇਸ ਤੇਜ਼ ਦੌੜਾਕ ਨੂੰ ਕੌਮਾਂਤਰੀ ਟਰੈਕ 'ਤੇ ਦੌੜਦਾ ਦੇਖਣ ਲਈ ਉਤਾਵਲੇ ਹਨ। ਦੇਖਣਾ ਹੋਵੇਗਾ ਕਿ ਰਾਮੇਸ਼ਵਰ ਕਦੋਂ ਕੌਮਾਂਤਰੀ ਟ੍ਰੈਕ 'ਤੇ ਉਸੈਨ ਬੋਲਟ ਵਰਗੇ ਤੇਜ਼ ਦੌੜਾਕ ਦਾ ਰਿਕਾਰਡ ਤੋੜਦੇ ਹਨ।

 


Tarsem Singh

Content Editor

Related News