ਚੰਗੀ ਖਬਰ : 3 ਜੂਨ ਤੋਂ ਖੁੱਲ੍ਹੇਗਾ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ

05/31/2020 2:24:36 PM

ਜਲੰਧਰ : ਮਹਾਨਗਰ ਦਾ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਤਿੰਨ ਜੂਨ ਨੂੰ ਮੁੜ ਤੋਂ ਖੋਲਿ੍ਹਆ ਜਾਵੇਗਾ ਤਾਂ ਜੋ ਖਿਡਾਰੀ ਇੱਥੇ ਅਭਿਆਸ ਕਰ ਸਕਣ। ਇਹ ਸੂਬੇ ਦਾ ਪਹਿਲਾ ਸਟੇਡੀਅਮ ਹੈ ਜੋ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੋਲਿ੍ਆ ਜਾ ਰਿਹਾ ਹੈ। ਸਟੇਡੀਅਮ ਖੋਲ੍ਹਣ ਬਾਰੇ ਫੈਸਲਾ ਸ਼ਨੀਵਾਰ ਨੂੰ ਹੋਈ ਚੇਅਰਮੈਨ ਵਿਸ਼ੇਸ਼ ਸਾਰੰਗਲ (ਏ. ਡੀ. ਸੀ.) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਕੀਤਾ ਗਿਆ। ਅੰਤਰਿਮ ਕਮੇਟੀ ਦੇ ਮੈਂਬਰ ਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਸਟੇਡੀਅਮ ਤੇ ਖਿਡਾਰੀਆਂ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਬਚਾਏ ਰੱਖਣ ਲਈ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਤਿੰਨ ਜੂਨ ਨੂੰ ਪੂਰੀ ਅਹਿਤਿਆਤ ਦੇ ਨਾਲ ਸਟੇਡੀਅਮ ਨੂੰ ਖੋਲਿ੍ਹਆ ਜਾਵੇਗਾ ਅਤੇ ਕੋਰੋਨਾ ਤੋਂ ਬਚਾਅ ਲਈ ਸਟੇਡੀਅਮ 'ਚ ਹਰ ਰੋਜ਼ ਸੈਨੇਟਾਈਜ਼ੇਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਰੱਖਿਆ ਵਜੋਂ ਕਈ ਫ਼ੈਸਲੇ ਲਏ ਗਏ ਹਨ। ਹਰ ਗਰੁੱਪ ਨੂੰ ਅਭਿਆਸ ਕਰਨ ਲਈ ਇਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ ਤੇ ਹਰ ਗਰੁੱਪ 'ਚ ਛੇ ਤੋਂ ਅੱਠ ਖਿਡਾਰੀ ਸ਼ਾਮਲ ਹੋ ਸਕਦੇ ਹਨ। ਖਿਡਾਰੀਆਂ ਨੂੰ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣਗੇ ਜਿਸ 'ਚ ਸਮੇਂ ਦੇ ਨਾਲ-ਨਾਲ ਗਰੁੱਪ ਦਾ ਨਾਂ ਵੀ ਲਿਖਿਆ ਹੋਵੇਗਾ ਤੇ ਸਟੇਡੀਅਮ 'ਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਦਿਖਾਉਣਾ ਲਾਜ਼ਮੀ ਹੋਵੇਗਾ।

PunjabKesari

ਸਟੇਡੀਅਮ 'ਚ ਦਾਖ਼ਲੇ ਤੋਂ ਪਹਿਲਾਂ ਖਿਡਾਰੀਆਂ ਨੂੰ ਹੱਥਾਂ ਨੂੰ ਸੈਨੇਟਾਈਜ਼ ਕਰਨ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਮਾਸਕ ਦੀ ਵਰਤੋਂ ਵੀ ਜ਼ਰੂਰੀ ਹੋਵੇਗੀ ਹਾਲਾਂਕਿ ਕੋਰਟ 'ਚ ਦਾਖ਼ਲੇ ਦੌਰਾਨ ਮਾਸਕ ਪਾਉਣ ਤੋਂ ਛੋਟ ਦਿੱਤੀ ਗਈ ਹੈ। ਸਟੇਡੀਅਮ 'ਚ ਦਾਖ਼ਲੇ ਤੋਂ ਪਹਿਲਾਂ ਸਾਰਿਆਂ ਦੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ, ਖਿਡਾਰੀਆਂ ਲਈ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ ਤੇ ਦਾਖ਼ਲੇ ਸਮੇਂ ਇਹ ਐਪ ਦਿਖਾਉਣਾ ਹੋਵੇਗਾ, ਬੈਡਮਿੰਟਨ ਹਾਲ 'ਚ ਆਉਣ ਵਾਲੇ ਹਰ ਵਿਅਕਤੀ ਦੇ ਬੂਟਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ, ਖਿਡਾਰੀ ਆਪਣੀ ਪਾਣੀ ਦੀ ਬੋਤਲ, ਤੌਲੀਆ, ਸੈਨੇਟਾਈਜ਼ਰ ਆਦਿ ਲੈ ਕੇ ਆਉਣਗੇ। ਹਾਲ 'ਚ ਖਾਣ-ਪੀਣ ਦੀ ਕਿਸੇ ਚੀਜ਼ ਨੂੰ ਲਿਆਉਣ ਦੀ ਮਨਾਹੀ ਹੈ, ਸਾਰੇ ਖਿਡਾਰੀਆਂ ਨੂੰ ਤੈਅ ਸਮੇਂ ਤੋਂ 10 ਮਿਨਟ ਪਹਿਲਾਂ ਪਹੁੰਚਣਾ ਹੋਵੇਗਾ ਤੇ ਸਮਾਂ ਖ਼ਤਮ ਹੋਣ 'ਤੇ ਸਟੇਡੀਅਮ ਤੋਂ ਜਾਣਾ ਪਵੇਗਾ। ਖਿਡਾਰੀਆਂ ਤੇ ਬਾਕੀ ਸਟਾਫ ਨੂੰ ਸਮਾਜਿਕ ਦੂਰੀ ਰੱਖਣੀ ਵੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਜਿੰਮਨੇਜ਼ੀਅਮ ਤੇ ਕੰਟੀਨ ਨੂੰ ਅਗਲੇ ਹੁਕਮਾਂ ਤਕ ਬੰਦ ਰੱਖਿਆ ਜਾਵੇਗਾ। ਅਭਿਆਸ ਦੌਰਾਨ ਸਰੀਰਕ ਸੰਪਰਕ ਦੀ ਪ੍ਰਵਾਨਗੀ ਨਹੀ ਹੈ, ਇਸ ਦੌਰਾਨ ਨਾ ਤਾਂ ਹੱਥ ਮਿਲਾਇਆ ਜਾ ਸਕਦਾ ਹੈ ਤੇ ਨਾ ਹੀ ਹਾਈ ਫਾਈਵ ਦੀ ਪ੍ਰਵਾਨਗੀ ਹੋਵੇਗੀ। ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਖਿਡਾਰੀ ਤੇ ਗਰੁੱਪ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰ ਖਿਡਾਰੀ ਨੂੰ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਨੂੰ ਇਕ ਸਹੁੰ-ਪੱਤਰ ਦੇਣਾ ਹੋਵੇਗਾ ਜਿਸ 'ਚ ਲਿਖਿਆ ਜਾਵੇਗਾ ਕਿ ਜੇਕਰ ਕਿਸੇ ਖਿਡਾਰੀ ਜਾਂ ਉਸ ਦੇ ਪਰਿਵਾਰ ਨੂੰ ਕੋਰੋਨਾ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਐਸੋਸੀਏਸ਼ਨ ਨੂੰ ਦੇਣੀ ਪਵੇਗੀ। ਅੱਜ ਦੀ ਮੀਟਿੰਗ 'ਚ ਐੱਸਡੀਐੱਮ-1 ਜੈਇੰਦਰ ਸਿੰਘ, ਰਾਕੇਸ਼ ਖੰਨਾ, ਅਨਿਲ ਭੱਟੀ, ਅਮਨ ਮਿੱਤਲ, ਹਰਪ੍ਰਰੀਤ ਸਿੰਘ ਤੇ ਐੱਸਐੱਸ ਨੰਦਾ ਵੀ ਹਾਜ਼ਰ ਸਨ।

 

11 ਤੋਂ 60 ਸਾਲ ਤਕ ਦੇ ਖਿਡਾਰੀ ਹੀ ਕਰ ਸਕਣਗੇ ਅਭਿਆਸ
ਮੀਟਿੰਗ 'ਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਸਟੇਡੀਅਮ 'ਚ 11 ਸਾਲ ਤੋਂ ਘੱਟ ਉਮਰ ਅਤੇ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਟੇਡੀਅਮ 'ਚ ਸਿਰਫ਼ 30 ਖਿਡਾਰੀਆਂ ਨੂੰ ਹੀ ਅਭਿਆਸ ਕਰਨ ਦੀ ਮਨਜ਼ੂਰੀ ਹੈ। ਇਨ੍ਹਾਂ ਨੂੰ ਵੀ ਦੋ ਗਰੁੱਪਾਂ 'ਚ ਵੰਡਿਆ ਜਾਵੇਗਾ ਜਿਨ੍ਹਾਂ ਵਿਚ ਸਿਰਫ਼ ਕੌਮੀ ਤੇ ਸੂਬਾ ਪੱਧਰੀ ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ 'ਚ ਨਾਬਾਲਿਗ ਖਿਡਾਰੀਆਂ ਦੇ ਅਭਿਆਸ ਦਾ ਸਮਾਂ ਸਵੇਰੇ 10.30 ਤੋਂ 12.30 ਵਜੇ ਅਤੇ ਦੁਪਹਿਰ 2.30 ਵਜੇ ਤੋਂ 4.30 ਵਜੇ ਤਕ ਹੈ। ਇਸੇ ਤਰ੍ਹਾਂ ਬਾਲਿਗ ਖਿਡਾਰੀਆਂ ਦੇ ਲਈ ਪ੍ਰੈਕਟਿਸ ਦਾ ਸਮਾਂ ਸਵੇਰੇ 7 ਵਜੇ ਤੋਂ 10 ਵਜੇ ਅਤੇ ਦੁਪਹਿਰ ਬਾਅਦ 4.45 ਤੋਂ 6.45 ਵਜੇ ਤਕ ਦਾ ਹੈ।


Ranjit

Content Editor

Related News