ਨਿਸ਼ਾਨੇਬਾਜ਼ੀ : ਰਾਹੀ ਸਰਨੋਬਤ ਨੇ ਹਾਸਲ ਕੀਤਾ ਓਲੰਪਿਕ ਕੋਟਾ
Tuesday, May 28, 2019 - 12:11 PM (IST)

ਨਵੀਂ ਦਿੱਲੀ— ਰਾਹੀ ਸਰਨੋਬਤ ਨੇ ਮਿਊਨਿਖ 'ਚ ਚਲ ਰਹੇ ਸੈਸ਼ਨ ਦੀ ਤੀਜੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਸੋਮਵਾਰ ਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਦਾ ਸੋਨ ਤਮਗਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ। ਭਾਰਤ ਨੂੰ ਮਿਊਨਿਖ ਵਿਸ਼ਵ ਕੱਪ 'ਚ ਤਿੰਨ ਸੋਨ ਤਮਗੇ ਲੈ ਕੇ ਚੋਟੀ 'ਤੇ ਹੈ। ਚੀਨ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਮਗੇ ਲੈ ਕੇ ਦੂਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅਪੂਰਵੀ ਚੰਦੇਲਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ ਸੀ। ਏਸ਼ੀਆਈ ਖੇਡਾਂ ਦੀ ਚੈਂਪੀਅਨ ਰਾਹੀ ਨੇ ਆਪਣੇ ਕਰੀਅਰ ਦਾ ਦੂਜਾ ਵਿਸ਼ਵ ਕੱਪ ਸੋਨ ਤਮਗਾ ਜਿੱਤਿਆ ਜਿਸ ਨਾਲ ਭਾਰਤ ਟੋਕੀਓ 2020 ਓਲੰਪਿਕ ਖੇਡਾਂ ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੇ ਲਈ ਛੇਵਾਂ ਕੋਟਾ ਹਾਸਲ ਕਰਨ 'ਚ ਸਫਲ ਰਿਹਾ।