ਨਡਾਲ ਨੇ ਕੀਤਾ ਪੈਰਿਸ ਮਾਸਟਰਸ ਟੈਨਿਸ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼

11/06/2020 4:05:36 PM

ਪੈਰਿਸ (ਭਾਸ਼ਾ) : ਸਿਖ਼ਰ ਦਰਜਾ ਪ੍ਰਾਪਤ ਰਫੇਲ ਨਡਾਲ ਨੇ ਆਸਟਰੇਲੀਆ ਦੇ ਜੋਰਡਨ ਥਾਮਪਸਨ ਨੂੰ 6.1, 7.6 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਆਪਣੇ ਕੈਰੀਅਰ ਵਿਚ 86 ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿਚ 35 ਮਾਸਟਰਸ ਖ਼ਿਤਾਬ ਹਨ ਪਰ ਇੱਥੇ 13 ਸਾਲ ਪਹਿਲਾਂ ਫਾਈਨਲ ਹਾਰ ਚੁੱਕੇ ਹਨ। 20 ਵਾਰ ਦੇ ਗਰੈਂਡਸਲੈਮ ਚੈਂਪੀਅਨ ਨਡਾਲ ਬੁੱਧਵਾਰ ਨੂੰ 1000 ਮੈਚ ਜਿੱਤਣ ਵਾਲੇ ਚੌਥੇ ਖਿਡਾਰੀ ਬਣ ਗਏ। ਹੁਣ ਉਨ੍ਹਾਂ ਦਾ ਸਾਹਮਣਾ ਸਪੇਨ ਦੇ ਹੀ ਪਾਬਲੋ ਕਾਰੇਨੋ ਬਸਟਾ ਨਾਲ ਹੋਵੇਗਾ।

ਹੋਰ ਮੁਕਾਬਲਿਆਂ ਵਿਚ ਜਰਮਨੀ ਦੇ ਅਲੈਕਜੈਂਡਰ ਜਵੇਰੇਵ ਨੇ 3 ਘੰਟੇ ਤੱਕ ਚਲੇ ਮੈਚ ਵਿਚ ਫ਼ਰਾਂਸ ਦੇ ਗੈਰ ਦਰਜਾ ਪ੍ਰਾਪਤ ਐਡਰੀਅਨ ਮਾਨਾਰਿਨੋ ਨੂੰ 7.6, 6.7, 6.4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ 3 ਵਾਰ ਦੇ ਗਰੈਂਡਸਲੈਮ ਚੈਂਪੀਅਨ ਸਟਾਨ ਵਾਵਰਿੰਕਾ ਨਾਲ ਹੋਵੇਗਾ, ਜਿਸ ਨੇ ਰੂਸ ਦੇ ਪੰਜਵਾਂ ਦਰਜਾ ਪ੍ਰਾਪਤ ਆਂਦਰੇਇ ਰੂਬਲੇਵ ਨੂੰ 1.6, 6.4, 6.3 ਨਾਲ ਮਾਤ ਦਿੱਤੀ। ਉਥੇ ਹੀ ਤੀਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ 16ਵਾਂ ਦਰਜਾ ਪ੍ਰਾਪਤ ਐਲੇਕਸ ਡੇ ਮਿਨਾਉਰ ਨੂੰ 5.7, 6.2, 6.2 ਨਾਲ ਹਰਾਇਆ। ਹੁਣ ਉਹ ਛੇਵੀਂ ਰੈਂਕਿੰਗ ਵਾਲੇ ਡਿਏਗੋ ਸ਼ਵਾਰਤਜਮੈਨ ਨਾਲ ਖੇਡਣਗੇ। ਕੈਨੇਡਾ ਦੇ ਮਿਲੋਸ ਰਾਓਨਿਚ ਨੇ ਅਮਰੀਕੀ ਕੁਆਲੀਫਾਇਰ ਮਾਕੋਰਸ ਗਿਰੋਨ ਨੂੰ 7.6, 6.2 ਨਾਲ ਮਾਤ ਦਿੱਤੀ। ਹੁਣ ਉਹ ਫ਼ਰਾਂਸ ਦੇ ਗੈਰ ਦਰਜਾ ਯੂਗੋ ਹੰਬਰਟ ਨਾਲ ਖੇਡਣਗੇ, ਜਿਸ ਨੇ ਸਾਬਕਾ ਅਮਰੀਕੀ ਓਪਨ ਚੈਂਪੀਅਨ ਮਾਰਿਨ ਸਿਲਿਚ ਨੂੰ 6.3, 6.7, 6.3 ਨਾਲ ਹਰਾਇਆ।


cherry

Content Editor

Related News