ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚਣ ''ਤੇ ਸਿੰਧੂ ਨੇ ਕਿਹਾ- ਅਜੇ ਸੰਤੁਸ਼ਟ ਨਹੀਂ ਹਾਂ
Sunday, Aug 25, 2019 - 10:29 AM (IST)

ਬਾਸੇਲ— ਦੋ ਵਾਰ ਦੀ ਚਾਂਦੀ ਤਮਗਾਧਾਰੀ ਪੀ. ਵੀ. ਸਿੰਧੂ ਨੇ ਭਾਵੇਂ ਹੀ ਲਗਾਤਾਰ ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਪਰ ਉਹ ਚੋਟੀ ਦੀ ਭਾਰਤੀ ਖਿਡਾਰਨ ਅਜੇ ਤਕ ਸੰਤੁਸ਼ਟ ਨਹੀਂ ਹੈ ਕਿਉਂਕਿ ਉਸ ਦੀਆਂ ਨਿਗਾਹਾਂ ਇਸ ਵਕਾਰੀ ਟੂਰਨਾਮੈਂਟ ਦੇ ਸੋਨ ਤਮਗੇ 'ਤ ਲੱਗੀਆਂ ਹਨ। ਸਿੰਧੂ ਨੇ ਸੈਮੀਫਾਈਨਲ 'ਚ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਅਤੇ ਆਲ ਇੰਗਲੈਂਡ ਚੈਂਪੀਅਨ ਚੇਨ ਯੁ ਫੇਈ ਨੂੰ ਸਿੱਧੇ ਗੇਮ 'ਚ 21-7, 21-14 ਨਾਲ ਹਰਾਇਆ ਅਤੇ ਲਗਾਤਾਰ ਤੀਜੇ ਫਾਈਨਲ 'ਚ ਜਗ੍ਹਾ ਬਣਾਈ।
ਸਿੰਧੂ ਨੇ ਪੱਤਰਕਾਰਾਂ ਨੂੰ ਕਿਹਾ, ''ਖੁਦ ਨੂੰ ਕੇਂਦਰਤ ਕਰਨਾ ਅਹਿਮ ਹੈ। ਅਜੇ ਮੇਰੇ ਲਈ ਇਹ ਖਤਮ ਨਹੀਂ ਹੋਇਆ ਹੈ। ਹਾਂ, ਮੈਂ ਖੁਸ਼ ਹਾਂ ਪਰ ਅਜੇ ਸੰਤੁਸ਼ਟ ਨਹੀਂ ਹਾਂ। ਅਜੇ ਇਕ ਹੋਰ ਮੈਚ ਬਾਕੀ ਹੈ ਅਤੇ ਮੈਂ ਸੋਨ ਤਮਗਾ ਜਿੱਤਣਾ ਚਾਹਾਂਗੀ।'' ਉਨ੍ਹਾਂ ਕਿਹਾ, ''ਇਹ ਇੰਨਾ ਸੌਖਾ ਨਹੀਂ ਹੋਵੇਗਾ। ਮੈਨੂੰ ਧਿਆਨ ਲਗਾਏ ਰਖਣਾ ਹੋਵੇਗਾ, ਸੰਜਮ ਰੱਖਣਾ ਹੋਵੇਗਾ ਅਤੇ ਫਾਈਨਲ 'ਚ ਆਪਣਾ ਸਰਵਸ੍ਰੇਸ਼ਠ ਦੇਣਾ ਹੋਵੇਗਾ।'' ਸੈਮੀਫਾਈਨਲ 'ਚ ਆਪਣੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਮੈਂ ਚੰਗੀ ਤਰ੍ਹਾਂ ਤਿਆਰ ਸੀ ਅਤੇ ਸ਼ੁਰੂ ਤੋਂ ਹੀ ਬੜ੍ਹਤ ਬਣਾਏ ਸੀ ਅਤੇ ਅੰਤ 'ਚ ਜਿੱਤ ਹਾਸਲ ਕਰਨ 'ਚ ਸਫਲ ਰਹੀ।'' ਫਾਈਨਲ 'ਚ ਉਹ ਜਾਪਾਨ ਦੀ ਨਾਜੋਮੀ ਓਕੁਹਾਰਾ ਅਤੇ ਰਤਨਾਚੋਕ ਇੰਤਾਨੋਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜੇਗੀ। ਉਨ੍ਹਾਂ ਕਿਹਾ, ''ਦੋਵੇਂ ਚੰਗਾ ਖੇਡ ਰਹੀਆਂ ਹਨ। ਮੈਂ ਬਸ ਉਮੀਦ ਲਾਏ ਹਾਂ ਕਿ ਇਹ ਚੰਗਾ ਮੈਚ ਹੋਵੇ। ਕੁਝ ਵੀ ਹੋ ਸਕਦਾ ਹੈ। ਮੈਨੂੰ ਧਿਆਨ ਕੇਂਦਰਤ ਕਰਨਾ ਹੋਵੇਗਾ ਅਤੇ ਆਪਣਾ ਸਰਵਸ੍ਰੇਸ਼ਠ ਦੇਣਾ ਹੋਵੇਗਾ।''