ਪੁਜਾਰਾ ਦੇ ਅਜੇਤੂ ਸੈਂਕੜੇ ਨਾਲ ਸੌਰਾਸ਼ਟਰ ਰਣਜੀ ਟਰਾਫੀ ਦੇ ਫਾਈਨਲ ''ਚ
Monday, Jan 28, 2019 - 09:39 PM (IST)

ਬੈਂਗਲੁਰੂ- ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਅਜੇਤੂ 131 ਦੌੜਾਂ ਦੀ ਬਦੌਲਤ ਸੌਰਾਸ਼ਟਰ ਨੇ ਕਰਨਾਟਕ ਨੂੰ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ 5 ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਸੌਰਾਸ਼ਟਰ ਦਾ 3 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਵਿਦਰਭ ਨਾਲ ਮੁਕਾਬਲਾ ਹੋਵੇਗਾ। ਸੌਰਾਸ਼ਟਰ ਦੀ ਟੀਮ 2015-16 ਤੋਂ ਬਾਅਦ ਫਾਈਨਲ ਵਿਚ ਪਹੁੰਚੀ ਹੈ। ਸੌਰਾਸ਼ਟਰ ਦਾ ਇਹ ਓਵਰਆਲ ਤੀਜਾ ਫਾਈਨਲ ਹੈ। ਰਣਜੀ ਟਰਾਫੀ ਦੇ ਸੈਮੀਫਾਈਨਲ ਮੈਚ ਦੇ ਪੰਜਵੇਂ ਦਿਨ ਲੰਚ ਤੋਂ ਪਹਿਲਾਂ ਹੀ ਸੌਰਾਸ਼ਟਰ ਨੇ ਕਰਨਾਟਕ ਨੂੰ ਹਰਾ ਦਿੱਤਾ। ਪੁਜਾਰਾ ਨੂੰ 'ਮੈਨ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ। ਸੌਰਾਸ਼ਟਰ ਦੇ ਸਾਹਮਣੇ 279 ਦੌੜਾਂ ਦਾ ਟੀਚਾ ਸੀ ਤੇ ਉਸ ਨੇ 5 ਵਿਕਟਾਂ 'ਤੇ 282 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਪੁਜਾਰਾ ਨੇ 266 ਗੇਂਦਾਂ ਵਿਚ 17 ਚੌਕਿਆਂ ਦੀ ਮਦਦ ਨਾਲ ਅਜੇਤੂ 131 ਦੌੜਾਂ ਬਣਾਈਆਂ ਜਦਕਿ ਸ਼ੈਲਡਨ ਜੈਕਸਨ ਨੇ 217 ਗੇਂਦਾਂ ਵਿਚ 15 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 214 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਹੋਈ।