ਪ੍ਰਣੇਸ਼ ਨੇ ਰਚਿਆ ਇਤਿਹਾਸ, ਜਿੱਤਿਆ ਵੱਕਾਰੀ ਕਨਿਜ਼ਾ ਓਪਨ ਸ਼ਤਰੰਜ ਖਿਤਾਬ
Tuesday, Aug 25, 2026 - 11:33 AM (IST)
ਕਨਿਜ਼ਾ (ਹੰਗਰੀ)- ਭਾਰਤੀ ਗ੍ਰੈਂਡਮਾਸਟਰ ਪ੍ਰਣੇਸ਼ ਐੱਮ. ਨੇ ਆਖਰੀ ਦੌਰ ’ਚ ਜਰਮਨੀ ਦੇ ਵਾਦਿਮ ਪੈਟ੍ਰੋਵਸਕੀ ਵਿਰੁੱਧ ਰੋਮਾਂਚਕ ਜਿੱਤ ਹਾਸਲ ਕਰਕੇ ਵੱਕਾਰੀ ਕਨਿਜ਼ਾ ਓਪਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਭਾਰਤ ਦੇ 19 ਸਾਲਾ ਖਿਡਾਰੀ ਨੇ 9ਵੇਂ ਤੇ ਆਖਰੀ ਦੌਰ ’ਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਆਪਣਾ ਦਬਦਬਾ ਬਣਾਇਆ ਤੇ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਂ ’ਤੇ ਸੁਰੱਖਿਅਤ ਕੀਤਾ।
ਪ੍ਰਣੇਸ਼ ਦੀ ਰੇਟਿੰਗ 2673 ਹੈ ਅਤੇ ਉਹ ਤਾਜਾ ਫਿਡੇ ਵਿਸ਼ਵ ਰੈਂਕਿੰਗ ’ਚ 44ਵੇਂ ਸਥਾਨ ’ਤੇ ਹੈ। ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਪ੍ਰਣੇਸ਼ ਨੂੰ ਟੂਰਨਾਮੈਂਟ ਜਿੱਤਣ ’ਤੇ ਵਧਾਈ ਦਿੱਤੀ। ਭਾਰਤੀ ਦੂਤਾਵਾਸ ਨੇ ਐਕਸ ’ਤੇ ਲਿਖਿਆ, ‘‘ਪ੍ਰਣੇਸ਼ ਨੂੰ ਬਹੁਤ-ਬਹੁਤ ਵਧਾਈ। ਗਲੋਬਲ ਮੰਚ ’ਤੇ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖ ਕੇ ਸਾਨੂੰ ਬੇਹੱਦ ਮਾਣ ਹੋ ਰਿਹਾ ਹੈ। ਹੰਗਰੀ ਭਾਰਤੀ ਸ਼ਤਰੰਜ ਲਈ ਇਕ ਬਿਹਤਰੀਨ ਮੰਚ ਬਣਿਆ ਹੋਇਆ ਹੈ।’’
ਪ੍ਰਣੇਸ਼ ਤਾਮਿਲਨਾਡੂ ਦੇ ਕਰਾਈਕੁਡੀ ਦੇ ਰਹਿਣ ਵਾਲੇ ਹਨ। ਉਸ ਨੇ 9 ਰਾਊਂਡਾਂ ’ਚੋਂ 7 ਅੰਕ ਹਾਸਲ ਕਰਕੇ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
