ਡੈੱਨਮਾਰਕ ਓਪਨ : ਸਿੰਧੂ ਤੇ ਲਕਸ਼ੈ ਨੂੰ ਕਰਨਾ ਪਵੇਗਾ ਸਖਤ ਚੁਣੌਤੀ ਦਾ ਸਾਹਮਣਾ
Tuesday, Oct 13, 2026 - 12:47 PM (IST)
ਓਡੈਂਸ (ਡੈੱਨਮਾਰਕ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਪੁਰਸ਼ ਵਰਗ ’ਚ ਭਾਰਤ ਦੇ ਚੋਟੀ ਦੇ ਖਿਡਾਰੀ ਲਕਸ਼ੈ ਸੇਨ ਨੂੰ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 9,50,000 ਅਮਰੀਕੀ ਡਾਲਰ ਦੀ ਇਨਾਮੀ ਡੈੱਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਹੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਸਿੰਧੂ ਦਾ ਸਾਹਮਣਾ ਪਹਿਲੇ ਦੌਰ ’ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇ ਮੌਜੂਦਾ ਚੈਂਪੀਅਨ ਐਨ ਸੇ ਯੰਗ ਨਾਲ ਹੋਵੇਗਾ। ਲਕਸ਼ੈ ਨੂੰ ਵੀ ਪੁਰਸ਼ ਵਰਗ ਦੇ ਪਹਿਲੇ ਦੌਰ ’ਚ ਤੀਜਾ ਦਰਜਾ ਪ੍ਰਾਪਤ ਚੋਓ ਟੀਏਨ ਚੇਨ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ।
ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਪਿਛਲੇ ਕੁਝ ਸਮੇਂ ’ਚ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਇਸ 31 ਸਾਲਾ ਖਿਡਾਰਨ ਨੂੰ ਇਸ ਗੱਲ ਦੀ ਚਿੰਤਾ ਹੋਵੇਗੀ ਕਿ ਉਸ ਨੂੰ ਐਨ ਸੇ ਯੰਗ ਵਿਰੁੱਧ ਆਪਣੇ ਪਿਛਲੇ ਸਾਰੇ 10 ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਲਕਸ਼ੈ ਦਾ ਵੀ ਪਿਛਲੇ 2 ਸਾਲਾਂ ’ਚ ਪ੍ਰਦਰਸ਼ਨ ਕਾਫੀ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਉਹ ਹਾਲ ਹੀ ’ਚ ਪਿੱਠ ਦੀ ਸੱਟ ਤੋਂ ਵੀ ਪ੍ਰੇਸ਼ਾਨ ਰਿਹਾ ਹੈ। ਉਸ ਨੂੰ ਜੇਕਰ ਚੋਓ ਦੇ ਵਿਰੁੱਧ ਜਿੱਤ ਹਾਸਲ ਕਰਨੀ ਹੈ ਤਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।
ਪੁਰਸ਼ ਵਰਗ ’ਚ ਹਿੱਸਾ ਲੈਣ ਵਾਲਾ ਇਕ ਹੋਰ ਭਾਰਤੀ ਖਿਡਾਰੀ ਆਯੂਸ਼ ਸ਼ੈੱਟੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਪਹਿਲੇ ਦੌਰ ’ਚ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਨਾਲ ਹੋਵੇਗਾ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਉਸ ਨੂੰ ਹਰਾਇਆ ਸੀ। ਕਿਦਾਂਬੀ ਸ਼੍ਰੀਕਾਂਤ ਫਰਾਂਸ ਦੇ ਅਰਨੌਡ ਮਰਕਲ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਭਾਰਤ ਵੱਲੋਂ ਮਹਿਲਾ ਸਿੰਗਲਜ਼ ’ਚ ਤਨਵੀ ਸ਼ਰਮਾ, ਅਸ਼ਮਿਤਾ ਚਾਲੀਹਾ, ਦੇਵਿਕਾ ਸਿਹਾਗ ਤੇ ਉੱਨਤੀ ਹੁੱਡਾ ਵੀ ਚੁਣੌਤੀ ਪੇਸ਼ ਕਰਨਗੀਆਂ। ਤਨਵੀ ਦਾ ਪਹਿਲਾ ਮੁਕਾਬਲਾ ਜਪਾਨ ਦੀ ਨਾਤਸੁਕੀ ਨਿਦੈਰਾ ਨਾਲ ਜਦਕਿ ਅਸ਼ਮਿਤਾ ਦਾ ਬੁਲਗਾਰੀਆ ਦੀ ਕਾਲੋਯਾਨਾ ਨਲਬੰਤੋਵਾ ਨਾਲ ਹੋਵੇਗਾ।
ਪੁਰਸ਼ ਡਬਲਜ਼ ’ਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਏਸ਼ੀਆਈ ਖੇਡਾਂ ਤੋਂ ਪਹਿਲੇ ਦੌਰ ’ਚ ਮਿਲੀ ਹਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਦੀ ਇਹ 5ਵੀਂ ਦਰਜਾ ਪ੍ਰਾਪਤ ਜੋੜੀ ਆਪਣਾ ਪਹਿਲਾ ਮੈਚ ਚੀਨ ਦੀ ਹੇ ਜੀ ਟਿੰਗ ਤੇ ਰੇਨ ਜਿਆਂਗ ਯੂ ਵਿਰੁੱਧ ਖੇਡੇਗੀ।
ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ।
