ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ ''ਚ ਜਿੱਤਿਆ ਕਾਂਸੀ ਦਾ ਤਗਮਾ

Wednesday, Sep 30, 2026 - 05:17 PM (IST)

ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ ''ਚ ਜਿੱਤਿਆ ਕਾਂਸੀ ਦਾ ਤਗਮਾ

ਨਾਗੋਯਾ : ਹਰਿਆਣਾ ਦੇ 27 ਸਾਲਾ ਗ੍ਰੀਕੋ-ਰੋਮਨ ਪਹਿਲਵਾਨ ਸੁਨੀਲ ਕੁਮਾਰ ਨੇ ਨਾਗੋਯਾ ਵਿਖੇ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 87 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੋ ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਗ੍ਰੀਕੋ-ਰੋਮਨ ਪਹਿਲਵਾਨ ਬਣਨ ਦਾ ਮਾਣ ਹਾਸਲ ਕੀਤਾ ਹੈ। ਸੁਨੀਲ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਫਿਲੀਪੀਨਜ਼ ਦੇ ਰੌਬਰਟਸ ਕਾਲਮ ਜੌਨਸਟਨ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ਪਹਿਲੇ ਹੀ ਪੀਰੀਅਡ ਵਿੱਚ 'ਪਾਰ ਟੈਰੇ' ਪੋਜ਼ੀਸ਼ਨ ਤੋਂ 4-0 ਦੀ ਬੜ੍ਹਤ ਬਣਾਉਂਦੇ ਹੋਏ ਮਾਤ ਦਿੱਤੀ।

ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਉਹ ਜਾਪਾਨ ਦੇ ਤਾਈਜੋ ਯੋਸ਼ੀਦਾ ਹੱਥੋਂ ਹਾਰ ਗਏ ਸਨ। 2023 ਹਾਂਗਝੋਊ ਖੇਡਾਂ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੁਨੀਲ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਹ ਖ਼ੁਸ਼ ਹਨ ਪਰ ਸੰਤੁਸ਼ਟ ਨਹੀਂ, ਕਿਉਂਕਿ ਜਾਪਾਨੀ ਪਹਿਲਵਾਨ ਵਿਰੁੱਧ ਉਨ੍ਹਾਂ ਨੇ ਤਕਨੀਕ ਦੀ ਬਜਾਏ ਜ਼ਿਆਦਾ ਜ਼ੋਰ ਦੀ ਵਰਤੋਂ ਕਰਨ ਦੀ ਗਲਤੀ ਕੀਤੀ ਸੀ।

ਦੂਜੇ ਪਾਸੇ, ਮਹਿਲਾਵਾਂ ਦੇ 68 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੀ ਨਿਸ਼ਾ ਦਹੀਆ ਪ੍ਰਤੀਯੋਗਤਾ ਦੇ ਪਹਿਲੇ ਹੀ ਦਿਨ ਹਾਰ ਕੇ ਬਾਹਰ ਹੋ ਗਈ। ਪ੍ਰੀ-ਕੁਆਰਟਰ ਫਾਈਨਲ ਵਿੱਚ ਨਿਸ਼ਾ ਨੂੰ ਉੱਤਰੀ ਕੋਰੀਆ ਦੀ ਸੋਲ ਗੁਮ ਪਾਕ ਹੱਥੋਂ 4-4 ਦੀ ਬਰਾਬਰੀ ਤੋਂ ਬਾਅਦ ਵੱਡੇ ਦਾਅ ਦੇ ਆਧਾਰ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕ ਦੇ ਫਾਈਨਲ ਵਿੱਚ ਪਹੁੰਚਣ 'ਤੇ ਨਿਸ਼ਾ ਨੂੰ ਰੇਪੇਚੇਜ ਦਾ ਮੌਕਾ ਮਿਲਿਆ, ਪਰ ਉਹ ਦੱਖਣੀ ਕੋਰੀਆ ਦੀ ਪਾਰਕ ਹਿਓਨਯੋਂਗ ਵਿਰੁੱਧ 'ਫ਼ਾਲ'  ਰਾਹੀਂ ਮੈਚ ਹਾਰ ਗਈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਵੀ ਨਿਸ਼ਾ ਨੂੰ ਪਾਕ ਹੱਥੋਂ ਹੀ ਹਾਰ ਮਿਲੀ ਸੀ, ਜਿੱਥੇ ਉਹ 8-2 ਨਾਲ ਅੱਗੇ ਚੱਲ ਰਹੀ ਸੀ ਪਰ ਕੋਹਨੀ ਦੀ ਸੱਟ ਕਾਰਨ 8-10 ਨਾਲ ਮੈਚ ਗੁਆ ਬੈਠੀ ਸੀ।


author

Tarsem Singh

Content Editor

Related News