ਕੈਂਸਰ ਨਾਲ ਜੂਝ ਰਹੇ ਪੇਲੇ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Friday, Dec 02, 2022 - 01:43 PM (IST)
ਸਾਓ ਪਾਓਲੋ (ਭਾਸ਼ਾ)- ਬ੍ਰਾਜ਼ੀਲ ਦੇ ਮਹਾਨ ਫੁਟਬਾਲਰ ਪੇਲੇ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਖੇਡ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੈਂਸਰ ਨਾਲ ਲੜਨ ਲਈ ਸਾਓ ਪਾਓਲੋ ਦੇ ਹਸਪਤਾਲ ਵਿੱਚ ਦਾਖ਼ਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਪੇਲੇ ਦੇ 'ਕੋਲੋਨ ਟਿਊਮਰ' ਦਾ ਸਤੰਬਰ 2021 ਵਿੱਚ ਇਲਾਜ ਕੀਤਾ ਗਿਆ ਸੀ। ਉਨ੍ਹਾਂ ਦੀ ਧੀ ਨੇ ਕਿਹਾ ਸੀ ਕਿ ਇਸ ਦੇ ਇਲਾਜ ਲਈ ਮੰਗਲਵਾਰ ਨੂੰ ਉਨ੍ਹਾਂ ਨੂੰ ਇੱਥੋਂ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ, ਉਨ੍ਹਾਂ ਨੂੰ ਦੁਨੀਆ ਭਰ ਤੋਂ ਇਸ ਬੀਮਾਰੀ ਤੋਂ ਠੀਕ ਹੋਣ ਦੇ ਸੁਨੇਹੇ ਮਿਲ ਰਹੇ ਹਨ, ਜਿਸ ਵਿੱਚ ਕਤਰ ਵਿਸ਼ਵ ਕੱਪ ਤੋਂ ਬ੍ਰਾਜ਼ੀਲ ਕੋਚ ਟੀਟੇ ਦਾ ਸੰਦੇਸ਼ ਵੀ ਸ਼ਾਮਲ ਹੈ।
ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ, ਪੇਲੇ ਨੇ ਕਤਰ ਦੀ ਇੱਕ ਇਮਾਰਤ ਦੀ ਫੋਟੋ ਲਗਾਈ ਹੈ, ਜਿਸ 'ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੇ ਸੰਦੇਸ਼ ਲਿਖਿਆਹੈ। ਉਨ੍ਹਾਂ ਲਿਖਿਆ, 'ਇਸ ਤਰ੍ਹਾਂ ਦੇ ਸਕਾਰਾਤਮਕ ਸੰਦੇਸ਼ ਮਿਲਣਾ ਹਮੇਸ਼ਾ ਚੰਗਾ ਹੁੰਦਾ ਹੈ। ਇਸ ਸੰਦੇਸ਼ ਲਈ ਕਤਰ ਦਾ ਧੰਨਵਾਦ ਅਤੇ ਉਨ੍ਹਾਂ ਸਾਰਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਸਕਾਰਾਤਮਕ ਸੰਦੇਸ਼ ਭੇਜੇ ਹਨ।' ਟੀਟੇ ਨੇ ਸ਼ੁੱਕਰਵਾਰ ਨੂੰ ਕੈਮਰੂਨ ਦੇ ਖਿਲਾਫ ਟੀਮ ਦੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਪੇਲੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਪੇਲੇ ਦੀ ਧੀ ਕੈਲੀ ਨਾਸੀਮੈਂਟੋ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ 82 ਸਾਲਾ ਪਿਤਾ ਦੀ ਸਿਹਤ ਨੂੰ ਲੈ ਕੇ ਕੋਈ ਐਮਰਜੈਂਸੀ ਦੀ ਸਥਿਥੀ ਨਹੀਂ ਹੈ। ਹਸਪਤਾਲ ਨੇ ਉਨ੍ਹਾਂ ਦਾ ਟਿਊਮਰ ਕੱਢਣ ਤੋਂ ਬਾਅਦ ਕਿਹਾ ਸੀ ਕਿ ਉਹ 'ਕੀਮੋਥੈਰੇਪੀ' ਸ਼ੁਰੂ ਕਰਨਗੇ। ਪੇਲੇ ਨੇ 1958, 1962 ਅਤੇ 1970 ਵਿੱਚ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਰਾਸ਼ਟਰੀ ਟੀਮ ਲਈ 92 ਮੈਚਾਂ 'ਚ 77 ਗੋਲ ਕੀਤੇ ਹਨ। ਉਹ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ।