PCB ਨੇ ਸੁਤੰਤਰਤਾ ਦਿਵਸ ਦੇ ਵੀਡੀਓ ''ਚ ਇਮਰਾਨ ਖਾਨ ਨੂੰ ਕੀਤਾ ਨਜ਼ਰਅੰਦਾਜ਼, ਸੋਸ਼ਲ ਮੀਡੀਆ ''ਤੇ ਲੋਕ ਨਾਰਾਜ਼
Wednesday, Aug 16, 2023 - 02:12 PM (IST)
![PCB ਨੇ ਸੁਤੰਤਰਤਾ ਦਿਵਸ ਦੇ ਵੀਡੀਓ ''ਚ ਇਮਰਾਨ ਖਾਨ ਨੂੰ ਕੀਤਾ ਨਜ਼ਰਅੰਦਾਜ਼, ਸੋਸ਼ਲ ਮੀਡੀਆ ''ਤੇ ਲੋਕ ਨਾਰਾਜ਼](https://static.jagbani.com/multimedia/2023_8image_14_11_111977651imrankhan.jpg)
ਲਾਹੌਰ (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਜ਼ਾਦੀ ਦਿਵਸ 'ਤੇ ਦੇਸ਼ ਦੇ ਮਹਾਨ ਕ੍ਰਿਕਟਰਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਬਣੇ ਇਕ ਵੀਡੀਓ ਵਿਚ ਸ਼ਾਮਲ ਨਹੀਂ ਕੀਤਾ ਹੈ, ਹਾਲਾਂਕਿ ਪਾਕਿਸਤਾਨ ਨੇ ਇਮਰਾਨ ਦੀ ਕਪਤਾਨੀ ਵਿਚ 1992 ਵਿਚ ਵਿਸ਼ਵ ਕੱਪ ਜਿੱਤਿਆ ਸੀ। ਇਮਰਾਨ ਦੀ ਅਣਗਹਿਲੀ 'ਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜਤਾਈ ਹੈ। ਪਾਕਿਸਤਾਨ ਨੇ 14 ਅਗਸਤ ਨੂੰ ਆਪਣਾ 77ਵਾਂ ਸੁਤੰਤਰਤਾ ਦਿਵਸ ਮਨਾਇਆ। ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ 5 ਅਗਸਤ ਤੋਂ ਪੰਜਾਬ ਸੂਬੇ ਦੀ ਅਟਕ ਜੇਲ੍ਹ ਵਿੱਚ ਬੰਦ ਹਨ।ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਅਗਲੇ ਪੰਜ ਸਾਲਾਂ ਲਈ ਰਾਜਨੀਤੀ ਤੋਂ ਅਯੋਗ ਕਰਾਰ ਦਿੱਤਾ ਹੈ। ਪੀ. ਟੀ. ਆਈ. ਨੇ ਸ਼ਿਕਾਇਤ ਕੀਤੀ ਹੈ ਕਿ ਇਮਰਾਨ ਨੂੰ ਜੇਲ੍ਹ ਵਿੱਚ ਖ਼ਰਾਬ ਹਾਲਾਤ ਵਿੱਚ ਰੱਖਿਆ ਗਿਆ ਹੈ। ਪੀ. ਸੀ. ਬੀ. ਨੇ 14 ਅਗਸਤ ਨੂੰ ਦੋ ਮਿੰਟ 20 ਸੈਕਿੰਡ ਦਾ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਇਮਰਾਨ ਕਿਤੇ ਨਜ਼ਰ ਨਹੀਂ ਆ ਰਿਹਾ। ਉਹ 1992 'ਚ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਕਪਤਾਨ ਸਨ। ਇਮਰਾਨ ਪਾਕਿਸਤਾਨ 'ਚ ਇੰਨੇ ਮਸ਼ਹੂਰ ਹਨ ਕਿ ਪੀ. ਸੀ. ਬੀ. ਦੇ ਇਸ ਕਦਮ 'ਤੇ ਪਾਕਿਸਤਾਨ 'ਚ ਟਵਿੱਟਰ 'ਤੇ 'ਸ਼ੇਮ ਆਨ ਪੀਸੀਬੀ' ਟ੍ਰੈਂਡ ਕਰਨ ਲੱਗਾ।
ਇਹ ਵੀ ਪੜ੍ਹੋ : ਖੇਡ ਜਗਤ ਦੀਆਂ ਦਿੱਗਜ ਹਸਤੀਆਂ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ 77ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ
ਇਕ ਪ੍ਰਸ਼ੰਸਕ ਜਿਬਰਾਨ ਨੇ ਲਿਖਿਆ, “ਪੀ. ਸੀ. ਬੀ. ਦੇ ਮੌਜੂਦਾ ਪ੍ਰਸ਼ਾਸਕ ਉਦੋਂ ਪੈਦਾ ਵੀ ਨਹੀਂ ਹੋਏ ਸਨ ਜਦੋਂ ਇਮਰਾਨ ਦੇਸ਼ ਨੂੰ ਮਾਣ ਦਿਵਾ ਰਹੇ ਸਨ। ਪੀ. ਸੀ. ਬੀ. ਨੇ ਜੋ ਕੀਤਾ ਉਹ ਸ਼ਰਮਨਾਕ ਹੈ। ਦਿੱਗਜ ਇਮਰਾਨ ਖਾਨ ਦਿਲਾਂ 'ਤੇ ਰਾਜ ਕਰਦੇ ਹਨ ਅਤੇ ਇਸ ਕਾਰਨਾਮੇ ਲਈ ਤੁਸੀਂ ਹਮੇਸ਼ਾ ਲਈ ਬਦਨਾਮ ਹੋ ਜਾਵੋਗੇ।'' ਇਕ ਹੋਰ ਪ੍ਰਸ਼ੰਸਕ ਖਾਲਿਦ ਨੇ ਲਿਖਿਆ, ''ਉਸ ਨੂੰ ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿਚ ਨਹੀਂ ਦਿਖਾਇਆ ਗਿਆ ਸੀ ਪਰ ਜਦੋਂ ਪਾਕਿਸਤਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਦਾ ਨਾਂ ਸੁਨਹਿਰੇ ਅੱਖਰਾਂ 'ਚ ਹੋਵੇਗਾ। ਉਸ ਨੂੰ ਅਜਿਹੇ ਹੀਰੋ ਵਜੋਂ ਯਾਦ ਕੀਤਾ ਜਾਵੇਗਾ ਜਿਸ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।