ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਐੱਫ 64 ਜੈਵਲਿਨ ਥ੍ਰੋਅ ’ਚ ਵਿਸ਼ਵ ਖਿਤਾਬ ਦਾ ਬਚਾਅ ਕੀਤਾ
Tuesday, May 21, 2024 - 07:26 PM (IST)

ਕੋਬੇ (ਜਾਪਾਨ), (ਭਾਸ਼ਾ)– ਸਾਬਕਾ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਮੰਗਲਵਾਰ ਨੂੰ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਐੱਫ 64 ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਆਪਣਾ ਖਿਤਾਬ ਬਰਕਰਾਰ ਰੱਖਿਆ ਜਦਿਕ ਥੰਗਾਵੇਲੂ ਮਰੀਅੱਪਨ ਤੇ ਏਕਤਾ ਭਿਆਨ ਨੇ ਵੀ ਕ੍ਰਮਵਾਰ ਹਾਈ ਜੰਪ ਤੇ ਕਲੱਬ ਥ੍ਰੋਅ ਵਿਚ ਸੋਨ ਤਮਗੇ ਜਿੱਤੇ, ਜਿਸ ਨਾਲ ਭਾਰਤ ਲਈ ਦਿਨ ਚੰਗਾ ਰਿਹਾ।
ਟੋਕੀਓ ਪੈਰਾਲੰਪਿਕ ਤੇ 2023 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਸੁਮਿਤ ਨੇ ਜੈਵਲਿਨ ਨੂੰ 69.50 ਮੀਟਰ ਦੀ ਦੂਰੀ ਤਕ ਸੁੱਟ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਸੁਮਿਤ ਦੇ ਹਮਵਤਨ ਸੰਦੀਪ ਨੇ ਇਸ ਪ੍ਰਤੀਯੋਗਿਤਾ ਵਿਚ 60.41 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਮਗਾ ਜਿੱਤਿਆ। ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗਾ ਜੇਤੂ ਮਰੀਅੱਪਨ ਨੇ ਇਸ ਤੋਂ ਬਾਅਦ 1.88 ਮੀਟਰ ਦੇ ਚੈਂਪੀਅਨਸ਼ਿਪ ਰਿਕਾਰਡ ਦੇ ਨਾਲ ਟੀ 63 ਹਾਈ ਜੰਪ ਵਿਚ ਸੋਨ ਤਮਗਾ ਹਾਸਲ ਕੀਤਾ।
ਇਸ ਤੋਂ ਪਹਿਲਾਂ ਏਕਤਾ ਨੇ ਮਹਿਲਾ ਐੱਫ 51 ਕਲੱਬ ਥ੍ਰੋਅ ਵਿਚ 20.12 ਦੇ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ। ਇਸ ਪ੍ਰਤੀਯੋਗਿਤਾ ਵਿਚ ਭਾਰਤ ਦੀ ਕਸ਼ਿਸ਼ ਲਾਕੜਾ ਨੇ 14.56 ਮੀਟਰ ਦੀ ਥ੍ਰੋਅ ਨਾਲ ਚਾਂਦੀ ਤਮਗਾ ਆਪਣੇ ਨਾਂ ਕੀਤਾ।