ਪੈਰਾ ਐਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ : ਭਾਰਤ ਨੇ ਤੀਜੇ ਦਿਨ ਜਿੱਤੇ 2 ਤਮਗੇ
Sunday, May 19, 2024 - 09:17 PM (IST)
ਕੋਬੇ (ਜਾਪਾਨ)- ਭਾਰਤ ਲਈ ਹਾਈ ਜੰਪ ਦੇ ਪੈਰਾ ਐਥਲੀਟ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ ਇੱਥੇ ਕੋਬੇ 2024 ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਚਾਂਦੀ ਤਮਗਾ ਤੇ ਪ੍ਰੀਤੀ ਪਾਲ ਨੇ ਮਹਿਲਾਵਾਂ ਦੀ 200 ਮੀਟਰ ਦੀ ਦੌੜ ਦਾ ਕਾਂਸੀ ਤਮਗਾ ਜਿੱਤਿਆ। ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗਾ ਜੇਤੂ ਨਿਸ਼ਾਦ ਨੇ ਪੁਰਸ਼ਾਂ ਦੇ ਹਾਈ ਜੰਪ ਟੀ47 ਫਾਈਨਲ ਵਿਚ 1.99 ਮੀਟਰ ਦੇ ਪ੍ਰਦਰਸ਼ਨ ਨਾਲ ਦੂਜਾ ਸਥਾਨ ਹਾਸਲ ਕੀਤਾ ਤੇ ਭਾਰਤ ਦਾ ਖਾਤਾ ਖੋਲ੍ਹਿਆ। ਨਿਸ਼ਾਦ ਨੇ ਪੈਰਿਸ ਵਿਚ 2023 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇਸ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਜਿੱਤਿਆ ਸੀ। ਇਕ ਹੋਰ ਭਾਰਤੀ ਰਾਮ ਪਾਲ ਆਪਣੇ ਸੈਸ਼ਨ ਦਾ ਸਰਵਸ੍ਰੇਸਠ 1.90 ਮੀਟਰ ਦੇ ਪ੍ਰਦਰਸ਼ਨ ਨਾਲ 6ਵੇਂ ਸਥਾਨ ’ਤੇ ਰਿਹਾ। ਟੀ47 ਵਿਚ ਉਹ ਪੈਰਾ ਟ੍ਰੈਕ ਐਥਲੀਟ ਹਿੱਸਾ ਲੈਂਦੇ ਹਨ ਜਿਨ੍ਹਾਂ ਦੀ ਕੂਹਣੀ ਜਾਂ ਬਾਂਹ ਦਾ ਹੇਠਲਾ ਹਿੱਸਿਆ ਕੱਟਿਆ ਹੁੰਦਾ ਹੈ ਜਾਂ ਇਸ ਵਿਚ ਕੋਈ ਦਿੱਕਤ ਹੁੰਦੀ ਹੈ। ਉੱਥੇ ਹੀ, ਪ੍ਰੀਤੀ ਪਾਲ ਨੇ ਮਹਿਲਾਵਾਂ ਦੇ ਟੀ35 ਵਰਗ ਦੀ 200 ਮੀਟਰ ਪ੍ਰਤੀਯੋਗਿਤਾ ਦੇ ਫਾਈਨਲ ਵਿਚ 30.49 ਸੈਕੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕਰਕੇ ਭਾਰਤ ਨੂੰ ਦੂਜਾ ਤਗਮਾ ਦਿਵਾਇਆ।