ਚੈਂਪੀਅਨਜ਼ ਟਰਾਫੀ ’ਚੋਂ ਹਟਣ ’ਤੇ ਪਾਕਿਸਤਾਨ ਨੂੰ ਹੋਵੇਗਾ ਭਾਰੀ ਨੁਕਸਾਨ
Thursday, Dec 12, 2024 - 11:10 AM (IST)
ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਜੇਕਰ ਚੈਂਪੀਅਨਜ਼ ਟਰਾਫੀ ਦੇ ਆਯੋਜਨ ਨੂੰ ਲੈ ਕੇ ਚੱਲ ਰਹੇ ਅੜਿੱਕੇ ਕਾਰਨ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੀ ਇਸ 50 ਓਵਰਾਂ ਦੀ ਪ੍ਰਤੀਯੋਗਿਤਾ ਵਿਚੋਂ ਹਟਣ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਮਾਲੀਆ ਦੇ ਭਾਰੀ ਨੁਕਸਾਨ ਤੋਂ ਇਲਾਵਾ ਮੁਕੱਦਮਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹ ਕੌਮਾਂਤਰੀ ਕ੍ਰਿਕਟ ਤੋਂ ਅਲੱਗ-ਥਲੱਗ ਵੀ ਪੈ ਸਕਦਾ ਹੈ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀਆਂ ਪ੍ਰਤੀਯੋਗਿਤਾਵਾਂ ਦੇ ਆਯੋਜਨ ਨਾਲ ਜੁੜੇ ਇਕ ਸੀਨੀਅਰ ਕ੍ਰਿਕਟ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜੇਕਰ ਆਈ. ਸੀ. ਸੀ. ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਹਾਈਬ੍ਰਿਡ ਮਾਡਲ ਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਪੀ. ਸੀ. ਬੀ. ਲਈ ਟੂਰਨਾਮੈਂਟ ਵਿਚੋਂ ਹਟਣ ਦਾ ਫੈਸਲਾ ਕਰਨਾ ਸੌਖਾਲਾ ਨਹੀਂ ਹੋਵੇਗਾ।
ਇਸ ਅਧਿਕਾਰੀ ਨੇ ਕਿਹਾ, ‘‘ਪਾਕਿਸਤਾਨ ਨੇ ਨਾ ਸਿਰਫ ਆਈ. ਸੀ. ਸੀ. ਦੇ ਨਾਲ ਮੇਜ਼ਬਾਨੀ ਨਾਲ ਜੁੜੇ ਸਮਝੌਤੇ ’ਤੇ ਦਸਤਖਤ ਕੀਤੇ ਹਨ, ਸਗੋਂ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਹੋਰਨਾਂ ਸਾਰੇ ਦੇਸ਼ਾਂ ਦੀ ਤਰ੍ਹਾਂ ਉਸ ਨੇ ਆਈ. ਸੀ. ਸੀ. ਦੇ ਨਾਲ ਮੈਂਬਰਾਂ ਦੀ ਜ਼ਰੂਰੀ ਹਿੱਸੇਦਾਰੀ ਨਾਲ ਸਬੰਧਤ ਸਮਝੌਤੇ (ਐੱਮ. ਪੀ. ਏ.) ’ਤੇ ਵੀ ਦਸਤਖਤ ਕੀਤੇ ਹਨ।’’ ਉਸ ਨੇ ਕਿਹਾ, ‘‘ਆਈ. ਸੀ. ਸੀ. ਦੀਆਂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਲਈ ਐੱਮ. ਪੀ. ਏ. ’ਤੇ ਦਸਤਖਤ ਕਰਨ ਤੋਂ ਬਾਅਦ ਹੀ ਕੋਈ ਮੈਂਬਰ ਦੇਸ਼ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਤੋਂ ਹੋਣ ਵਾਲੀ ਕਮਾਈ ਦਾ ਹਿੱਸਾ ਲੈਣ ਦਾ ਹੱਕਦਾਰ ਹੁੰਦਾ ਹੈ।’’
ਅਧਿਕਾਰੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਈ. ਸੀ. ਸੀ. ਨੇ ਆਪਣੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਲਈ ਪ੍ਰਸਾਰਕਾਂ ਨਾਲ ਸਮਝੌਤਾ ਕੀਤਾ ਹੈ, ਜਿਸ ਵਿਚ ਉਸ ਨੇ ਗਾਰੰਟੀ ਦਿੱਤੀ ਹੈ ਕਿ ਚੈਂਪੀਅਨਜ਼ ਟਰਾਫੀ ਸਮੇਤ ਆਈ. ਸੀ. ਸੀ. ਦੀਆਂ ਪ੍ਰਤੀਯੋਗਿਤਾਵਾਂ ਵਿਚ ਉਸਦੇ ਸਾਰੇ ਮੈਂਬਰ ਦੇਸ਼ ਹਿੱਸਾ ਲੈਣਗੇ।’’
ਆਈ. ਸੀ. ਸੀ. ਪਿਛਲੇ ਹਫਤੇ ਚੈਂਪੀਅਨਜ਼ ਟਰਾਫੀ ਦਾ ਆਯੋਜਨ ਹਾਈਬ੍ਰਿਡ ਮਾਡਲ ’ਤੇ ਕਰਵਾਉਣ ’ਤੇ ਸਹਿਮਤੀ ਹਾਸਲ ਕਰਨ ਵਿਚ ਸਫਲ ਰਿਹਾ ਸੀ। ਇਸ ਦੇ ਅਨੁਸਾਰ ਭਾਰਤ ਆਪਣੇ ਮੈਚ ਦੁਬਈ ਵਿਚ ਖੇਡੇਗਾ। ਇਸ ਤੋਂ ਇਲਾਵਾ ਆਈ. ਸੀ. ਸੀ. ਦੀਆਂ 2027 ਤੱਕ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ਵਿਚ ਇਹ ਪ੍ਰਬੰਧ ਬਰਕਰਾਰ ਰਹੇਗਾ। ਇਸ ਦਾ ਹਾਲਾਂਕਿ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਪਾਕਿਸਤਾਨ 2027 ਤੱਕ ਹੋਣ ਵਾਲੀਆਂ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਲਈ ਭਾਰਤ ਦਾ ਦੌਰਾ ਕਰਨ ਲਈ ਮਜਬੂਰ ਨਹੀਂ ਹੋਵੇਗਾ।
ਅਧਿਕਾਰੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਚੈਂਪੀਅਨਜ਼ ਟਰਾਫੀ ਵਿਚੋਂ ਹਟਦਾ ਹੈ ਤਾਂ ਆਈ. ਸੀ. ਸੀ. ਤੇ ਇੱਥੋਂ ਤੱਕ ਕਿ ਆਈ. ਸੀ. ਸੀ. ਕਾਰਜਕਾਰੀ ਬੋਰਡ ਵਿਚ ਸ਼ਾਮਲ ਹੋਰ 16 ਮੈਂਬਰ ਦੇਸ਼ ਵੀ ਉਸਦੇ ਵਿਰੁੱਧ ਮੁਕੱਦਮਾ ਕਰ ਸਕਦੇ ਹਨ। ਪ੍ਰਸਾਰਕ ਵੀ ਇਹ ਰਸਤਾ ਅਪਣਾ ਸਕਦੇ ਹਨ ਕਿਉਂਕਿ ਪਾਕਿਸਤਾਨ ਦੇ ਬਾਹਰ ਹੋ ਜਾਣ ਨਾਲ ਸਾਰੇ ਸ਼ੇਅਰਹੋਲਡਰਾਂ ਨੂੰ ਨੁਕਸਾਨ ਹੋਵੇਗਾ। ਉਸ ਨੇ ਇਸ ਦੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਕਿ ਪੀ. ਸੀ. ਬੀ. ਨੂੰ ਕਾਰਜਕਾਰੀ ਬੋਰਡ ਦੇ ਹੋਰਨਾਂ ਮੈਂਬਰਾਂ ਤੋਂ ਠੋਸ ਸਮਰਥਨ ਨਹੀਂ ਮਿਲਿਆ।