ਬਾਬਰ ਆਜ਼ਮ ਦਾ ਦਾਅਵਾ, ਇਸ ਵਾਰ ਭਾਰਤ ਨੂੰ ਹਰਾ ਟੀ-20 ਵਿਸ਼ਵ ਕੱਪ ਅਸੀਂ ਹੀ ਜਿੱਤਾਂਗੇ

Thursday, Oct 14, 2021 - 04:35 PM (IST)

ਬਾਬਰ ਆਜ਼ਮ ਦਾ ਦਾਅਵਾ, ਇਸ ਵਾਰ ਭਾਰਤ ਨੂੰ ਹਰਾ ਟੀ-20 ਵਿਸ਼ਵ ਕੱਪ ਅਸੀਂ ਹੀ ਜਿੱਤਾਂਗੇ

ਦੁਬਈ (ਵਾਰਤਾ)- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਪਿਛਲੇ ਸਾਲਾਂ ਤੋਂ ਨਿਰੰਤਰ ਖੇਡਣ ਦੇ ਅਨੁਭਵ ਦੇ ਕਾਰਨ ਉਨ੍ਹਾਂ ਦੀ ਟੀਮ ਭਾਰਤ ਨੂੰ ਟੀ-20 ਵਿਸ਼ਵ ਕੱਪ ਵਿਚ ਹਰਾ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਆਪਣੇ ਵਿਸ਼ਵ ਕੱਪ ਦੀ ਸ਼ੁਰੂਆਤ 24 ਅਕਤੂਬਰ ਨੂੰ ਦੁਬਈ ਵਿਚ ਇਕ-ਦੂਜੇ ਦੇ ਨਾਲ ਭਿੜ ਕੇ ਕਰਨਗੇ। ਇਸ ਸਥਾਨ 'ਤੇ ਪਾਕਿਸਤਾਨ ਹੁਣ ਤੱਕ ਅਜੇਤੂ ਹੈ ਅਤੇ ਉਸ ਨੇ ਆਪਣੇ 6 ਟੀ-20 ਅੰਤਰਰਾਸ਼ਟਰੀ ਮੁਕਾਬਲੇ ਜਿੱਤੇ ਹਨ। ਆਈ.ਸੀ.ਸੀ. ਮੀਡੀਆ ਨਾਲ ਗੱਲ ਕਰਦਿਆਂ ਆਜ਼ਮ ਨੇ ਕਿਹਾ ਅਸੀਂ ਯੂ.ਏ.ਈ. ਵਿਚ ਪਿਛਲੇ ਤਿੰਨ-ਚਾਰ ਸਾਲਾਂ ਤੋਂ ਲਗਾਤਾਰ ਖੇਡ ਰਹੇ ਹਾਂ ਅਤੇ ਉੱਥੋਂ ਦੇ ਹਾਲਾਤਾਂ ਤੋਂ ਜਾਣੂ ਹਾਂ। ਸਾਨੂੰ ਪਿੱਚਾਂ ਦਾ ਮਿਜ਼ਾਜ ਪਤਾ ਹੈ ਅਤੇ ਬਤੌਰ ਬੱਲੇਬਾਜ਼ ਅਸੀਂ ਜਾਣਦੇ ਹਾਂ ਕਿ ਉੱਥੇ ਕਿਵੇਂ ਖੇਡਣਾ ਹੈ। ਹਾਲਾਂਕਿ ਉਸ ਦਿਨ ਬਿਹਤਰ ਕ੍ਰਿਕਟ ਖੇਡਣ ਵਾਲੀ ਟੀਮ ਹੀ ਜਿੱਤੇਗੀ ਪਰ ਮੈਨੂੰ ਯਕੀਨ ਹੈ ਕਿ ਅਸੀਂ ਇਹ ਮੈਚ ਜਿੱਤਾਂਗੇ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

2009 ਵਿਚ ਸ਼੍ਰੀਲੰਕਾਈ ਟੀਮ ਉੱਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਸਾਲਾਂ ਤੱਕ ਪਾਕਿਸਤਾਨ ਨੇ ਆਪਣੇ 'ਘਰੇਲੂ' ਮੈਚ ਯੂਏਈ ਵਿਚ ਹੀ ਖੇਡੇ ਹਨ। ਉਂਝ ਵਿਸ਼ਵ ਕੱਪ ਦੇ ਇਤਿਹਾਸ ਵਿਚ ਭਾਰਤ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ, ਚਾਹੇ ਉਹ 50 ਓਵਰਾਂ ਦਾ ਵਿਸ਼ਵ ਕੱਪ ਹੋਵੇ ਜਾਂ ਟੀ-20 ਫਾਰਮੈਟ ਪਰ ਆਪਣੇ ਪਹਿਲੇ ਟੀ-20 ਵਿਸ਼ਵ ਕੱਪ ਵਿਚ ਕਪਤਾਨ ਨਿਯੁਕਤ ਕੀਤੇ ਗਏ ਆਜ਼ਮ ਨੇ ਕਿਹਾ ਅਸੀਂ ਪਹਿਲੇ ਮੈਚ ਦੇ ਮਹੱਤਵ ਅਤੇ ਦਬਾਅ ਨੂੰ ਪਛਾਣਦੇ ਹਾਂ। ਇਕ ਟੀਮ ਦੇ ਰੂਪ ਵਿਚ ਅਸੀਂ ਬਹੁਤ ਆਤਮ ਵਿਸ਼ਵਾਸ ਨਾਲ ਇਸ ਟੂਰਨਾਮੈਂਟ ਵਿਚ ਪ੍ਰਵੇਸ਼ ਕਰ ਰਹੇ ਹਾਂ। ਸਾਨੂੰ ਅਤੀਤ ਨਾਲ ਨਹੀਂ, ਭਵਿੱਖ ਨਾਲ ਲੈਣਾ-ਦੇਣਾ ਹੈ। ਅਸੀਂ ਉਸ ਦਿਨ ਚੰਗੀ ਕ੍ਰਿਕਟ ਖੇਡਣ ਦੀ ਤਿਆਰੀ ਕਰ ਰਹੇ ਹਾਂ। ਆਪਣੀ ਟੀਮ ਵਿਚ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਦੇ ਮਿਸ਼ਰਣ ਬਾਰੇ ਆਜ਼ਮ ਨੇ ਕਿਹਾ ਅਸੀਂ ਸਾਰੇ ਘਰੇਲੂ ਕ੍ਰਿਕਟ ਵਿਚ ਵਧੀਆ ਖੇਡ ਦਿਖਾ ਕੇ ਇਸ ਮੁਕਾਮ 'ਤੇ ਪਹੁੰਚੇ ਹਾਂ। ਟੀਮ ਵਿਚ ਬਹੁਤ ਸਾਰੇ ਸੀਨੀਅਰ ਖਿਡਾਰੀ ਹਨ, ਜਿਨ੍ਹਾਂ ਨੇ ਪਹਿਲਾਂ ਇਸ ਮੁਕਾਬਲੇ ਵਿਚ ਹਿੱਸਾ ਲਿਆ ਹੈ। ਨਾਲ ਹੀ ਸੱਤ-ਅੱਠ ਅਜਿਹੇ ਲੋਕ ਹਨ ਜੋ ਚੈਂਪੀਅਨਜ਼ ਟਰਾਫੀ ਵਿਚ ਖੇਡ ਚੁੱਕੇ ਹਨ। ਸਾਨੂੰ ਉਨ੍ਹਾਂ ਦੇ ਅਨੁਭਵ ਅਤੇ ਪਰਿਪੱਕਤਾ 'ਤੇ ਪੂਰਾ ਵਿਸ਼ਵਾਸ ਹੈ।

ਇਹ ਵੀ ਪੜ੍ਹੋ : ਤਾਲਿਬਾਨ ਰਾਜ 'ਚ ਅਫ਼ਗਾਨ ਲੋਕਾਂ ਲਈ ਇਕ ਹੋਰ ਵੱਡੀ ਮੁਸੀਬਤ, ਹਨੇਰੇ 'ਚ ਡੁੱਬੇ ਕਾਬੁਲ ਸਮੇਤ ਕਈ ਸੂਬੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News