CWC 2019 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਰਾਇਆ

Monday, Jun 24, 2019 - 12:12 AM (IST)

CWC 2019 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਰਾਇਆ

ਲੰਡਨ :  ਹੈਰਿਸ ਸੋਹੇਲ (89) ਤੇ ਬਾਬਰ ਆਜ਼ਮ (69) ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਦਨਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਐਤਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। 
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ  50 ਓਵਰਾਂ ਵਿਚ 7 ਵਿਕਟਾਂ 'ਤੇ 308 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ।  ਇਸਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ 'ਤੇ 259 ਦੌੜਾਂ ਹੀ ਬਣਾ ਸਕੀ। ਇਹ ਦੱਖਣੀ ਅਫਰੀਕਾ ਦੀ ਪੰਜਵੀਂ ਹਾਰ ਹੈ ਤੇ 7 ਮੈਚਾਂ ਵਿਚੋਂ ਸਿਰਫ 3 ਅੰਕ ਹੋਣ ਕਾਰਨ ਉਹ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਪਾਕਿਸਤਾਨ ਦੇ 6 ਮੈਚਾਂ ਵਿਚੋਂ 5 ਅੰਕ ਹੋ ਗਏ ਹਨ। 
ਦੱਖਣੀ ਅਫਰੀਕਾ ਵਲੋਂ ਸਿਰਫ ਕਪਤਾਨ ਫਾਫ ਡੂ ਪਲੇਸਿਸ (63) ਹੀ ਕੁਝ ਸੰਘਰਸ਼ ਕਰ ਸਕਿਆ। ਕਵਿੰਟਨ ਡੀ ਕੌਕ (47), ਰੋਸੀ ਵਾਨ ਡਰ ਡੂਸੇਨ (36) ਤੇ ਡੇਵਿਡ ਮਿਲਰ (31) ਵੀ ਵੱਡੀ ਪਾਰੀ ਖੇਡਣ ਵਿਚ ਅਸਫਲ ਰਹੇ। ਐਂਡਿਲੇ ਫੇਲਕਵਾਓ (32 ਗੇਂਦਾਂ 'ਤੇ ਅਜੇਤੂ 46 ਦੌੜਾਂ) ਹਾਰ ਦਾ ਫਰਕ ਹੀ ਘੱਟ ਸਕਿਆ। 
ਪਾਕਿਸਤਾਨ ਵਲੋਂ ਲੈੱਗ ਸਪਿਨਰ ਸ਼ਾਦਾਬ ਖਾਨ (50 ਦੌੜਾਂ 'ਤੇ 3 ਵਿਕਟਾਂ), ਵਹਾਬ ਰਿਆਜ਼ (46 ਦੌੜਾਂ 'ਤੇ 3 ਵਿਕਟਾਂ), ਮੁਹੰਮਦ ਆਮਿਰ (49 ਦੌੜਾਂ 'ਤੇ 2 ਵਿਕਟਾਂ) ਤੇ ਸ਼ਹਾਹੀਨ ਅਫਰੀਦੀ (54 ਦੌੜਾਂ 'ਤੇ ਇਕ ਵਿਕਟ) ਸਫਲ ਗੇਂਦਬਾਜ਼ ਰਹੇ। 
ਇਸ ਤੋਂ ਪਹਿਲਾਂ  ਸੋਹੇਲ ਨੇ ਸਿਰਫ 59 ਗੇਂਦਾਂ 'ਤੇ 89 ਦੌੜਾਂ ਵਿਚ 9 ਚੌਕੇ ਅਤੇ 3 ਛੱਕੇ ਲਾਏ। ਆਜ਼ਮ ਨੇ 80 ਗੇਂਦਾਂ 'ਤੇ 69 ਦੌੜਾਂ ਵਿਚ 7 ਚੌਕੇ ਲਾਏ। ਪਾਕਿਸਤਾਨੀ ਓਪਨਰਾਂ ਇਮਾਮ-ਉਲ-ਹੱਕ ਤੇ ਫਖਰ ਜ਼ਮਾਨ ਨੇ 44-44 ਦੌੜਾਂ ਦਾ ਯੋਗਦਾਨ ਦਿੱਤਾ। ਇਮਾਮ ਨੇ 57 ਗੇਂਦਾਂ 'ਤੇ 6 ਚੌਕੇ ਲਾਏ, ਜਦਕਿ ਜ਼ਮਾਨ ਨੇ 50 ਗੇਂਦਾਂ 'ਤੇ 6 ਚੌਕੇ ਅਤੇ 1 ਛੱਕਾ ਲਾਇਆ। ਮੁਹੰਮਦ ਹਫੀਜ਼ ਨੇ 33 ਗੇਂਦਾਂ 'ਤੇ 1 ਛੱਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਇਮਾਦ ਵਸੀਮ ਨੇ 15 ਗੇਂਦਾਂ 'ਚ 3 ਚੌਕਿਆਂ ਦੇ ਸਹਾਰੇ 23 ਦੌੜਾਂ ਬਣਾਈਆਂ।
20 ਸਾਲਾ ਸੋਹੇਲ ਦਾ ਇਹ 11ਵਾਂ ਵਨ ਡੇ ਸੈਂਕੜਾ ਸੀ। ਉਸ ਨੂੰ ਵੈਸਟਇੰਡੀਜ਼ ਵਿਰੁੱਧ ਆਪਣੀ ਟੀਮ ਦੇ ਪਹਿਲੇ ਮੈਚ ਵਿਚ 8 ਦੌੜਾਂ ਬਣਾਉਣ ਤੋਂ ਬਾਅਦ ਅਗਲੇ ਚਾਰ ਮੈਚਾਂ ਵਿਚ ਆਖਰੀ ਇਲੈਵਨ ਵਿਚ ਜਗ੍ਹਾ ਨਹੀਂ ਦਿੱਤੀ ਗਈ ਸੀ। ਇਸ ਮੈਚ ਵਿਚ ਉਸ ਨੂੰ ਸ਼ੋਏਬ ਮਲਿਕ ਦੀ ਜਗ੍ਹਾ ਉਤਾਰਿਆ ਗਿਆ ਅਤੇ ਉਸ ਨੇ ਖੁਦ ਨੂੰ ਸਾਬਤ ਕਰਦਿਆਂ ਪਾਕਿਸਤਾਨ ਨੂੰ 300 ਦੇ ਪਾਰ ਪਹੁੰਚਾ ਦਿੱਤਾ।
24 ਸਾਲਾ ਆਜ਼ਮ ਦਾ ਇਹ 14ਵਾਂ ਅਰਧ ਸੈਂਕੜਾ ਸੀ ਅਤੇ ਉਹ ਵਨ ਡੇ ਵਿਚ 3000 ਦੌੜਾਂ ਪੂਰੀਆਂ ਕਰਨ ਦੇ ਨੇੜੇ ਪਹੁੰਚ ਗਿਆ ਹੈ। ਆਜ਼ਮ ਦੀਆਂ ਹੁਣ 2971 ਦੌੜਾਂ ਹੋ ਗਈਆਂ ਹਨ। ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਮਾਮ ਅਤੇ ਜ਼ਮਾਨ ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜ ਕੇ ਇਸ ਫੈਸਲੇ ਨੂੰ ਸਹੀ ਸਾਬਤ ਕੀਤਾ। ਜ਼ਮਾਨ ਟੀਮ ਦੇ 81 ਤੇ ਇਮਾਮ 98 ਦੇ ਸਕੋਰ 'ਤੇ ਆਊਟ ਹੋਇਆ। 
ਆਜ਼ਮ ਤੇ ਹਫੀਜ਼ ਨੇ ਤੀਜੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਤੋਂ ਬਾਅਦ ਆਜ਼ਮ ਤੇ ਸੋਹੇਲ ਨੇ ਚੌਥੀ ਵਿਕਟ ਲਈ 81 ਦੌੜਾਂ ਜੋੜੀਆਂ। ਸੋਹੇਲ ਨੇ ਇਮਾਦ ਵਸੀਮੇ ਨਾਲ 5ਵੀਂ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਸਾਂਝੇਦਾਰੀਆਂ ਨੇ ਟੀਮ ਨੂੰ ਮਜ਼ਬੂਤ ਸਕੋਰ ਵੱਲ ਵਧਾ ਦਿੱਤਾ।
ਦੱਖਣੀ ਅਫਰੀਕਾ ਵਲੋਂ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਨੇ 64 ਦੌੜਾਂ 'ਤੇ 3 ਵਿਕਟਾਂ ਲਈਆਂ, ਜਦਕਿ ਲੈੱਗ ਸਪਿਨਰ ਇਮਰਾਨ ਤਾਹਿਰ ਨੇ 41 ਦੌੜਾਂ ਦੇ ਕੇ ਦੋਵਾਂ ਓਪਨਰਾਂ ਨੂੰ ਆਪਣਾ ਸ਼ਿਕਾਰ ਬਣਾਇਆ। ਆਂਦਿਲੇ ਫੇਲਕਵਾਓ ਤੇ ਐਡਨ ਮਾਰਕ੍ਰਮ ਨੇ ਇਕ-ਇਕ ਵਿਕਟ ਲਈ।


author

KamalJeet Singh

Content Editor

Related News