ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Monday, Jan 03, 2022 - 01:54 PM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਆਲਰਾਊਂਡਰ ਅਤੇ ਕ੍ਰਿਕਟ ਦੇ ਹਰ ਫਾਰਮੈਟ ਵਿਚ ਦੇਸ਼ ਦੀ ਕਪਤਾਨੀ ਕਰਨ ਵਾਲੇ ਮੁਹੰਮਦ ਹਫੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ‘ਜੀਓ ਨਿਊਜ਼’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦੇ ਆਗਾਮੀ ਟੂਰਨਾਮੈਂਟ ਲਈ ਲਾਹੌਰ ਕਲੰਦਰਸ ਨਾਲ ਕਰਾਰ ਕਰਨ ਵਾਲੇ 41 ਸਾਲਾ ਹਫੀਜ਼ ਵਿਸ਼ਵ ਭਰ ਦੀ ਫਰੈਂਚਾਈਜ਼ੀ ਕ੍ਰਿਕਟ ਲਈ ਉਪਲਬੱਧ ਰਹਿਣਗੇ। ਇਸ ਖਿਡਾਰੀ ਨੇ ਹਾਲਾਂਕਿ ਅਜੇ ਤੱਕ ਇਸ ਬਾਰੇ ਵਿਚ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਹਫ਼ੀਜ਼ ਨੇ 2018 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਦਾ ਕਰੀਅਰ ਲੱਗਭਗ 2 ਦਹਾਕੇ ਤੱਕ ਚੱਲਿਆ। ਉਨ੍ਹਾਂ ਨੇ ਪਾਕਿਸਤਾਨ ਵੱਲੋਂ 392 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿਚ 12,789 ਦੌੜਾਂ ਬਣਾਈਆਂ ਅਤੇ 253 ਵਿਕਟਾਂ ਲਈਆਂ।
ਹਫੀਜ਼ ਨੇ ਆਪਣੇ ਦੇਸ਼ ਵੱਲੋਂ 55 ਟੈਸਟ, 218 ਵਨਡੇ ਅਤੇ 119 ਟੀ20 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ 3 ਵਨਡੇ ਵਿਸ਼ਵ ਕੱਪ ਅਤੇ 6 ਟੀ20 ਵਿਸ਼ਵ ਕੱਪ ਵਿਚ ਵੀ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 2003 ਵਿਚ ਜ਼ਿੰਬਾਬਵੇ ਖ਼ਿਲਾਫ਼ ਵਨਡੇ ਮੈਚ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ। ਉਨ੍ਹਾਂ ਦਾ ਆਖ਼ਰੀ ਮੈਚ ਨਵੰਬਰ ਵਿਚ ਟੀ20 ਵਿਸ਼ਵ ਕੱਪ ਦਾ ਸੈਮੀਫਾਈਨਲ ਸੀ, ਜਿਸ ਵਿਚ ਪਾਕਿਸਤਾਨ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੇ ਸਫ਼ਲ ਕਰੀਅਰ ਦੌਰਾਨ ਉਨ੍ਹਾਂ ਨੂੰ 32 ਵਾਰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਅਤੇ ਸਭ ਤੋਂ ਵੱਧ ਵਾਰ ‘ਪਲੇਅਰ ਆਫ ਦਿ ਮੈਚ’ ਪੁਰਸਕਾਰ ਪਾਉਣ ਵਾਲੇ ਪਾਕਿਸਤਾਨੀ ਖਿਡਾਰੀਆਂ ਵਿਚ ਉਹ ਸ਼ਾਹਿਦ ਅਫਰੀਦੀ (43), ਵਸੀਮ ਅਕਰਮ (39) ਅਤੇ ਇੰਜਮਾਮ ਉਲ ਹੱਕ (33) ਦੇ ਬਾਅਦ ਚੌਥੇ ਸਥਾਨ ’ਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 9 ਵਾਰ ਸੀਰੀਜ਼ ਵਿਚ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।