ਸਮਾਂ ਬੀਤਣ ਦੇ ਨਾਲ ਧੋਨੀ ਬਣਿਆ ਕੈਪਟਨ ਕੂਲ : ਇਰਫਾਨ
Sunday, Jun 28, 2020 - 11:26 PM (IST)

ਨਵੀਂ ਦਿੱਲੀ– ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਕਪਤਾਨ ਦੇ ਤੌਰ ’ਤੇ ਮਹਿੰਦਰ ਸਿੰਘ ਧੋਨੀ ਦੇ ਵਤੀਰੇ ਵਿਚ ਸਮੇਂ ਦੇ ਨਾਲ-ਨਾਲ ਬਦਲਾਅ ਆਉਂਦਾ ਗਿਆ ਤੇ ਉਹ ਕਾਫੀ ਸ਼ਾਂਤ ਰਹਿਣ ਲੱਗਾ। ਇਰਫਾਨ ਨੇ ਕਿਹਾ, ‘‘ਧੋਨੀ 2007 ਦੀ ਤੁਲਨਾ ਵਿਚ 2013 ਵਿਚ ਕਾਫੀ ਸ਼ਾਂਤ ਰਿਹਾ ਕਰਦਾ ਸੀ। ਜੇਕਰ ਤੁਸੀਂ ਦੇਖੋ ਤਾਂ 2007 ਵਿਚ ਉਸ ਨੇ ਪਹਿਲੀ ਵਾਰ ਟੀਮ ਦੀ ਕਪਤਾਨੀ ਸੰਭਾਲੀ ਸੀ। ਤੁਸੀਂ ਸਮਝ ਸਕਦੇ ਹੋ ਕਿ ਜੇਕਰ ਤੁਹਾਨੂੰ ਆਪਣੇ ਦੇਸ਼ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਤੁਸੀਂ ਕੁਝ ਨਿਸ਼ਚਿਤ ਚੀਜ਼ਾਂ ਲੈ ਕੇ ਉਤਸ਼ਾਹਿਤ ਹੋ ਜਾਂਦੇ ਹੋ।’’
ਸਾਬਕਾ ਧਾਕੜ ਆਲਰਾਊਂਡਰ ਨੇ ਕਿਹਾ,‘‘ਸਮਾਂ ਬੀਤਣ ਅਤੇ ਤਜਰਬੇ ਦੇ ਨਾਲ ਧੋਨੀ ਦੇ ਵਤੀਰੇ ਵਿਚ ਕਾਫੀ ਬਦਲਾਅ ਆਇਆ। ਜਦੋਂ 2007 ਵਿਚ ਨੌਜਵਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਤਾਂ ਉਹ ਵਿਕਟ ਮਿਲਣ ਤੋਂ ਬਾਅਦ ਉਤਸ਼ਾਹ ਵਿਚ ਗੇਂਦਬਾਜ਼ ਵੱਲ ਦੌੜ ਕੇ ਆਉਂਦਾ ਸੀ ਤੇ ਗੇਂਦਬਾਜ਼ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ 2013 ਤਕ ਆਉਂਦੇ-ਆਉਂਦੇ ਉਹ ਖੁਦ ਕਾਫੀ ਸ਼ਾਂਤ ਹੋ ਗਿਆ ਤੇ ਗੇਂਦਬਾਜ਼ ਨੂੰ ਖੁਦ ਹੀ ਕੰਟਰੋਲ ਹੋਣ ਦਿੰਦਾ ਸੀ। 2013 ਦੀ ਚੈਂਪੀਅਨਸ ਟਰਾਫੀ ਦੌਰਾਨ ਉਹ ਕਾਫੀ ਸ਼ਾਂਤ ਸੀ।’’ ਇਰਫਾਨ ਨੇ ਕਿਹਾ,‘‘ਉਹ ਹਮੇਸ਼ਾ ਤੋਂ ਹੀ ਸਪਿਨ ਗੇਂਦਬਾਜ਼ਾਂ ’ਤੇ ਭਰੋਸਾ ਕਰਦਾ ਸੀ। ਉਹ ਜਾਣਦਾ ਸੀ ਕਿ ਅਹਿਮ ਮੌਕਿਆਂ ’ਤੇ ਸਪਿਨ ਗੇਂਦਬਾਜ਼ਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ। ਉਹ ਸਮਝਦਾ ਸੀ ਕਿ ਲੋੜ ਦੇ ਸਮੇਂ ਸਪਿਨ ਗੇਂਦਬਾਜ਼ਾਂ ਦਾ ਇਸਤੇਮਾਲ ਕਰਕੇ ਕਿਵੇਂ ਮੈਚ ਜਿੱਤ ਸਕਦੇ ਹਾਂ।’’