ਉੱਤਰ ਪ੍ਰਦੇਸ਼ ਨੇ ਚੋਪੜਾ ਤੇ ਸਿੰਧੂ ਸਮੇਤ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਸਨਮਾਨਤ

Friday, Aug 20, 2021 - 11:04 AM (IST)

ਉੱਤਰ ਪ੍ਰਦੇਸ਼ ਨੇ ਚੋਪੜਾ ਤੇ ਸਿੰਧੂ ਸਮੇਤ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਸਨਮਾਨਤ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਟੋਕੀਓ ਓਲੰਪਿਕ ਦੇ ਤਮਗ਼ਾ ਜੇਤੂਆਂ ਨੂੰ ਨਕਦ ਪੁਰਸਕਾਰਾਂ ਨਾਲ ਸਨਮਾਨਤ ਕਰਨ ਲਈ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ। ਲਖਨਊ ਦੇ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ ’ਚ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ। ਜੈਵਲਿਨ ਥ੍ਰੋਅਰ ’ਚ ਸੋਨ ਤਮਗ਼ਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਨਾਲ ਸਨਮਾਨਤ ਕੀਤਾ ਗਿਆ। ਸਮਾਗਮ ’ਚ ਸੂਬੇ ਦੇ ਸਾਰੇ ਜ਼ਿਲਿਆਂ ਤੋਂ 75-75 ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ। ਸੀ. ਐੱਮ. ਦਾ ਇਸ ਮੌਕੇ ’ਤੇ ਕਹਿਣਾ ਹੈ ਕਿ ਜ਼ਿਲੇ ਦੇ ਛੋਟੇ-ਵੱਡੇ ਖਿਡਾਰੀ ਵਿਸ਼ਵ ਜੇਤੂਆਂ ਤੋਂ ਪ੍ਰੇਰਣਾ ਲੈਣਗੇ। 

ਮਹਿਲਾ ਹਾਕੀ ਟੀਮ ਦੀ ਖਿਡਾਰੀ ਰਾਣੀ ਰਾਮਪਾਲ ਸਮੇਤ ਸਾਰੇ ਖਿਡਾਰੀਆਂ ਨੇ ਯੋਗੀ ਦੀ ਵਿਚਾਰਧਾਰਾ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਰਾਣੀ ਨੇ ਕਿਹਾ ਕਿ ਇਸ ਨਾਲ ਹੋਰ ਖਿਡਾਰੀਆਂ ’ਚ ਉਤਸ਼ਾਹ ਵਧੇਗਾ। ਮੁੱਕੇਬਾਜ਼ੀ ਦੀ ਚੈਂਪੀਅਨ ਲਵਲੀਨਾ ਨੇ ਸਮਾਰੋਹ ਨੂੰ ਸੰਬੋਧਨ ਕੀਤਾ। ਉਹ ਗੋਲਡ ਮੈਡਲ ਹਾਸਲ ਕਰਨ ’ਚ ਭਾਵੇਂ ਅਸਫਲ ਰਹੀ ਪਰ ਉਹ ਪ੍ਰੇਰਣਾ ਦਾ ਸਰੋਤ ਬਣੀ ਹੈ। ਉਨ੍ਹਾਂ ਕਿਹਾ ਕਿ ਭਰੋਸਾ ਰੱਖੋ ਤੇ ਟੀਚੇ ’ਤੇ ਫੋਕਸ ਕਰੋ ਤੇ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ। ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦਾ ਕਹਿਣਾ ਹੈ ਕਿ ਯੋਗੀ ਦੀ ਵਿਚਾਰਧਾਰਾ ਖਿਡਾਰੀਆਂ ਦੇ ਪ੍ਰਤੀ ਬਹੁਤ ਹੀ ਸ਼ਲਾਘਾਯੋਗ ਹੈ। 

ਮੰਚ ’ਤੇ ਰਾਜਪਾਲ ਆਨੰਦੀ ਬੇਨ ਪਟੇਲ, ਸੀ. ਐੱਮ. ਯੋਗੀ, ਉੱਪ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਯਾ ਦੇ ਨਾਲ ਗੋਲਡਨ ਬੁਆਏ ਨੀਰਜ ਚੋਪੜਾ ਮੌਜੂਦ ਰਹੇ। ਖਿਡਾਰੀਆਂ ਦਾ ਸਵਾਗਤ ਧੂਮ-ਧਾਮ ਨਾਲ ਕੀਤਾ ਗਿਆ। ਇਨਾਮ ਪ੍ਰਾਪਤ ਖਿਡਾਰੀਆਂ ’ਚ ਨੀਰਜ ਚੋਪੜਾ ਨੂੰ 2 ਕਰੋੜ, ਰਵੀ ਕੁਮਾਰ ਦਾਹੀਆ ਨੂੰ 1.5 ਕਰੋੜ, ਮੀਰਾਬਾਈ ਚਾਨੂ ਨੂੰ 1.5 ਕਰੋੜ, ਪੀ. ਵੀ. ਸਿੰਧੂ ਨੂੰ 1 ਕਰੋੜ, ਬਜਰੰਗ ਪੂਨੀਆ ਨੂੰ 1 ਕਰੋੜ, ਲਵਲੀਨਾ ਨੂੰ 1 ਕਰੋੜ, ਪੁਰਸ਼ ਹਾਕੀ ਟੀਮ ਨੂੰ 11 ਕਰੋੜ ਤੇ ਮਹਿਲਾ ਹਾਕੀ ਟੀਮ ਨੂੰ 5.5 ਕਰੋੜ, ਦੀਪਕ ਪੂਨੀਆ ਨੂੰ 50 ਲੱਖ, ਅਦਿਤੀ ਅਸ਼ੋਕ ਨੂੰ 50 ਲੱਖ, ਸਟਾਫ਼ ਹਾਕੀ ਟੀਮ ਨੂੰ 1.10 ਕਰੋੜ ਤੇ ਵਿਜੇ ਸ਼ਰਮਾ ਕੋਚ ਨੂੰ 10 ਲੱਖ ਰੁਪਏ ਦੇ ਇਨਾਮ ਨਾਲ ਨਵਾਜ਼ਿਆ ਗਿਆ।


author

Tarsem Singh

Content Editor

Related News