ਬੈਂਗਣੀ ਰੰਗ ਦਾ ਹੋਵੇਗਾ ਓਲੰਪਿਕ ਦਾ ਐਥਲੈਟਿਕ ਟ੍ਰੈਕ

Tuesday, Apr 16, 2024 - 10:18 AM (IST)

ਪੈਰਿਸ- ਐੈਥਲੀਟ ਇਸ ਸਾਲ ਪੈਰਿਸ ਓਲੰਪਿਕ ਖੇਡਾਂ ਵਿਚ ਜਦੋਂ ਨਵੇਂ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਦਰਸ਼ਕਾਂ ਨੂੰ ਬੈਂਗਣੀ ਰੰਗ ਦਾ ਐਥਲੈਟਿਕ ਟ੍ਰੈਕ ਦੇਖਣ ਨੂੰ ਮਿਲੇਗਾ। ਰਵਾਇਤੀ ਇੱਟਾਂ ਜਿਵੇਂ ਲਾਲ ਰੰਗ ਨੂੰ ਹਟਾ ਕੇ ਪਹਿਲੀ ਵਾਰ ਓਲੰਪਿਕ ਟ੍ਰੈਕ ਇਸ ਵਾਰ ਬੈਂਗਣੀ ਰੰਗ ਦਾ ਹੋਵੇਗਾ। ‘ਵਲਕੇਨਾਈਜ਼ਡ ਰਬੜ ਟ੍ਰੈਕ’ (ਰਸਾਇਣਕ ਪ੍ਰਕਿਰਿਆ ਨਾਲ ਤਿਆਰ ਹੋਣ ਵਾਲਾ ਬਿਹਤਰ ਬਨਾਵਟੀ ਰਬੜ) ਦੇ ਟੁਕੜਿਆਂ ਦਾ ਉਤਪਾਦਨ ਉੱਤਰੀ ਇਟਲੀ ਦੀ ਇਕ ਫੈਕਟਰੀ ਵਿਚ ਕੀਤਾ ਗਿਆ ਹੈ ਤੇ ਕਰਮਚਾਰੀਆਂ ਉਨ੍ਹਾਂ ਨੂੰ ਟ੍ਰੈਕ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ ਵਾਲੇ ਰਾਸ਼ਟਰੀ ਸਟੇਡੀਅਮ ‘ਸਟੇਡ ਡੀ ਫਰਾਂਸ’ ਵਿਚ ਵਿਛਾਅ ਰਹੇ ਹਨ। ਟ੍ਰੈਕ ਨੂੰ ਕਵਰ ਕਰਨ ਲਈ ‘ਵਲਕੇਨਾਈਜ਼ਡ ਰਬੜ’ ਦੇ 1000 ਤੋਂ ਵੱਧ ਰੋਲ ਦਾ ਇਸਤੇਮਾਲ ਕੀਤਾ ਜਾਵੇਗਾ।
ਇਸ ਵਿਚ ਲੱਗਭਗ ਇਕ ਮਹੀਨੇ ਦਾ ਸਮਾਂ ਲੱਗੇਗਾ ਤੇ ਕੁਲ ਮਿਲਾ ਕੇ ਗੂੰਦ ਦੇ 2800 ਡੱਬੇ ਲੱਗਣਗੇ। 3 ਸਾਲ ਪਹਿਲਾਂ ਟੋਕੀਓ ਵਿਚ ਲਾਲ ਟ੍ਰੈਕ ’ਤੇ 3 ਵਿਸ਼ਵ ਤੇ 12 ਓਲੰਪਿਕ ਰਿਕਾਰਡ ਬਣੇ ਸਨ। ‘ਮੋਂਡੋ’ ਨੇ 1976 ਵਿਚ ਮਾਂਟ੍ਰੀਅਲ ਤੋਂ ਬਾਅਦ ਤੋਂ ਹਰ ਗਰਮਰੁੱਤ ਖੇਡਾਂ ਦਾ ਐਥਲੈਟਿਕ ਟ੍ਰੈਕ ਤਿਆਰ ਕੀਤਾ ਹੈ ਤੇ ਕੰਪਨੀ ਨੂੰ ਪੈਰਿਸ ਵਿਚ ਹੋਰ ਵੀ ਬਿਹਤਰ ਟ੍ਰੈਕ ਬਣਾਉਣ ਦੀ ਉਮੀਦ ਹੈ।


Aarti dhillon

Content Editor

Related News