ਪੁਲਸ ਨੇ ਸੁਲਝਾਇਆ ਪੈਟਰੋਲ ਪੰਪ ਲੁੱਟਣ ਦਾ ਮਾਮਲਾ, 6 ਮੁਲਜ਼ਮਾਂ ਦਾ ਲਿਆ ਰਿਮਾਂਡ

Thursday, Apr 03, 2025 - 07:33 PM (IST)

ਪੁਲਸ ਨੇ ਸੁਲਝਾਇਆ ਪੈਟਰੋਲ ਪੰਪ ਲੁੱਟਣ ਦਾ ਮਾਮਲਾ, 6 ਮੁਲਜ਼ਮਾਂ ਦਾ ਲਿਆ ਰਿਮਾਂਡ

ਮਾਛੀਵਾੜਾ ਸਾਹਿਬ (ਟੱਕਰ) : ਲੰਘੇ ਜਨਵਰੀ ਮਹੀਨੇ ਵਿਚ ਮਾਛੀਵਾੜਾ ਇਲਾਕੇ ਦੇ 2 ਪੈਟਰੋਲ ਪੰਪਾਂ ’ਤੇ ਪਿਸਤੌਲ ਦੇ ਜ਼ੋਰ ’ਤੇ ਲੁੱਟ ਖੋਹ ਕਰਨ ਦਾ ਮਾਮਲਾ ਮਾਛੀਵਾੜਾ ਪੁਲਸ ਨੇ ਸੁਲਝਾ ਲਿਆ ਹੈ, ਜਿਸ ਸਬੰਧੀ ਪੁਲਸ ਨੇ 6 ਵਿਅਕਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਲਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਨਵਰੀ ਮਹੀਨੇ ਵਿਚ ਇੱਕ ਸਵਾਰ 5 ਲੁਟੇਰਿਆਂ ਨੇ ਮਾਛੀਵਾੜਾ ਇਲਾਕੇ ਦੇ ਬੈਨੀਪਾਲ ਕਿਸਾਨ ਫਿਲਿੰਗ ਸਟੇਸ਼ਨ ਅਤੇ ਮਹਾਂਵੀਰ ਫਿਲਿੰਗ ਸਟੇਸ਼ਨ ਤੋਂ ਪਿਸਤੌਲ ਦੇ ਜ਼ੋਰ ’ਤੇ ਹਜ਼ਾਰਾਂ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਲੁਟੇਰਿਆਂ ਨੂੰ ਫਰੀਦਕੋਟ ਜ਼ਿਲੇ ਦੀ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਸੀ ਅਤੇ ਹੁਣ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆਂਦਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਤੋਂ ਲੁੱਟ, ਖੋਹ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਸ਼ਾਹਾਵਾਲਾ, ਥਾਣਾ ਸਦਰ ਜ਼ੀਰਾ, ਸਾਹਿਲਦੀਪ ਸਿੰਘ ਵਾਸੀ ਦਮਦਮਾ ਸਾਹਿਬ, ਹਰੀਕੇ ਥਾਣਾ, ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਮੁੱਦਕੀ, ਵਿਸ਼ਾਲ ਵਾਸੀ ਹਰੀਕੇ ਪੱਤਣ, ਬੋਬੀ ਵਾਸੀ ਫਤਹਿਗੜ੍ਹ ਪੰਜ ਤੂਰ ਵਜੋਂ ਹੋਈ ਅਤੇ ਅੱਜ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਵੀ ਕੀਤੀ। 

ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਕੋਲ ਜੋ ਪਿਸਤੌਲ ਸੀ ਉਹ ਵੀ ਚੋਰੀ ਕੀਤਾ ਸੀ ਅਤੇ ਜਿਸ ਕਾਰ ’ਤੇ ਸਵਾਰ ਹੋ ਕੇ ਆਏ ਸਨ ਉਹ ਵੀ ਚੋਰੀ ਦੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ 5 ਮੁਲਜ਼ਮਾਂ ਨੂੰ ਪ੍ਰਭਦੀਪ ਸਿੰਘ ਵਾਸੀ ਪਟਿਆਲਾ ਨੇ ਪਨਾਹ ਦਿੱਤੀ ਸੀ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਉਮਰ 19 ਤੋਂ 23 ਸਾਲ ਹੈ ਜੋ ਛੋਟੀ ਉਮਰ ਵਿਚ ਹੀ ਨਸ਼ੇ ਦੇ ਆਦੀ ਹੋ ਗਏ ਅਤੇ ਉਸਦੀ ਪੂਰਤੀ ਲਈ ਲੁੱਟ, ਖੋਹ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪਹਿਲੇ ਅਪਰਾਧਿਕ ਮਾਮਲਿਆਂ ਵਿਚ ਜ਼ਮਾਨਤ ’ਤੇ ਰਿਹਾਅ ਹੋਣ ਉਪਰੰਤ ਇਨ੍ਹਾਂ ਨੇ ਗਿਰੋਹ ਬਣਾਇਆ ਅਤੇ ਲੁੱਟ, ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗੇ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮਾਛੀਵਾੜਾ ਇਲਾਕੇ ਦੇ 2 ਪੈਟਰੋਲ ਪੰਪਾਂ ਤੋਂ ਜੋ 87 ਹਜ਼ਾਰ ਰੁਪਏ ਲੁੱਟਿਆ ਸੀ ਉਸਦਾ ਇਨ੍ਹਾਂ ਨੇ ਨਸ਼ਾ ਖਰੀਦ ਕੇ ਸੇਵਨ ਕੀਤਾ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਇਹ ਅਪਰਾਧ ਦੀ ਦੁਨੀਆ ਵਿਚ ਧਸਦੇ ਚਲੇ ਗਏ ਅਤੇ ਇਨ੍ਹਾਂ ਖਿਲਾਫ਼ ਜੋ ਲੁੱਟ ਦਾ ਮਾਮਲਾ ਦਰਜ ਹੈ ਉਸ ਵਿਚ ਜ਼ੁਰਮ ਦਾ ਵਾਧਾ ਵੀ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News