ਨੋਵਾਕ ਜੋਕੋਵਿਚ ਸਿਨਸਿਨਾਟੀ ਓਪਨ ਤੋਂ ਬਾਹਰ
Sunday, Aug 14, 2022 - 11:30 AM (IST)

ਸਿਨਸਿਨਾਟੀ : 21 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਕੋਰੋਨਾ ਦਾ ਟੀਕਾ ਨਹੀਂ ਲਗਾਉਣ ਕਾਰਨ ਅਮਰੀਕਾ ਨਹੀਂ ਜਾ ਸਕਣਗੇ ਅਤੇ ਇਸ ਕਾਰਨ ਉਨ੍ਹਾਂ ਨੂੰ ਸਿਨਸਿਨਾਟੀ ਓਪਨ ਹਾਰਡ ਕੋਰਟ ਟੂਰਨਾਮੈਂਟ ਤੋਂ ਹਟਣਾ ਪਿਆ। ਉਹ ਇਸ ਸਾਲ ਨਿਊਯਾਰਕ 'ਚ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਯੂ. ਐੱਸ. ਓਪਨ ਤੋਂ ਵੀ ਖੁੰਝ ਜਾਵੇਗਾ। ਸਰਬੀਆ ਦੇ 35 ਸਾਲਾ ਜੋਕੋਵਿਚ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਟੀਕਾ ਨਹੀਂ ਲਗਵਾਉਣਗੇ।
ਇਸ ਕਾਰਨ ਉਹ ਜਨਵਰੀ ਵਿੱਚ ਆਸਟਰੇਲੀਅਨ ਓਪਨ ਅਤੇ ਅਮਰੀਕਾ ਵਿੱਚ ਦੋ ਟੂਰਨਾਮੈਂਟ ਨਹੀਂ ਖੇਡ ਸਕੇ। ਉਹ ਮਾਂਟਰੀਅਲ ਵਿੱਚ ਚੱਲ ਰਹੇ ਟੂਰਨਾਮੈਂਟ ਤੋਂ ਵੀ ਬਾਹਰ ਹਨ ਕਿਉਂਕਿ ਉਨ੍ਹਾਂ ਲੋਕਾਂ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਜਿਨ੍ਹਾਂ ਨੂੰ ਕੋਰੋਨਾ ਦਾ ਟੀਕਾ ਨਹੀਂ ਲਗਾਇਆ ਗਿਆ ਹੈ। ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ, ਗੇਲ ਮੋਨਫਿਲਸ, ਰਿਲੇ ਓਪੇਲਕਾ ਅਤੇ ਡੋਮਿਨਿਕ ਥਿਏਮ ਵੀ ਸੱਟ ਕਾਰਨ ਨਹੀਂ ਖੇਡਣਗੇ। ਸੇਰੇਨਾ ਵਿਲੀਅਮਸ ਇੱਥੇ ਖੇਡ ਰਹੀ ਹੈ ਅਤੇ ਇਸ ਟੂਰ 'ਤੇ ਇਹ ਉਸ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ।