ਨਿਸ਼ਾਂਤ ਦੇਵ ਕੁਆਰਟਰ ਫਾਈਨਲ ’ਚ ਹਾਰਿਆ, ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ ਭਾਰਤ

Tuesday, Mar 12, 2024 - 06:44 PM (IST)

ਨਿਸ਼ਾਂਤ ਦੇਵ ਕੁਆਰਟਰ ਫਾਈਨਲ ’ਚ ਹਾਰਿਆ, ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ ਭਾਰਤ

ਇਟਲੀ, (ਭਾਸ਼ਾ)– ਨਿਸ਼ਾਂਤ ਦੇਵ 71 ਕਿ. ਗ੍ਰਾ. ਭਾਰ ਵਰਗ ਦੇ ਕੁਆਰਟਰ ਫਾਈਨਲ ’ਚ ਹਾਰ ਨਾਲ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰਨ ਤੋਂ ਖੁੰਝ ਗਿਆ ਜਦਕਿ ਪਹਿਲੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ’ਚੋਂ ਸਾਰੇ ਭਾਰਤੀ ਮੁੱਕੇਬਾਜ਼ ਖਾਲੀ ਹੱਥ ਪਰਤੇ।ਨਿਸ਼ਾਂਤ ਨੂੰ ਲਾਈਟ ਮਿਡਲਵੇਟ ਵਰਗ ਦੇ ਕੁਆਰਟਰ ਫਾਈਨਲ ’ਚ ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਤਮਗਾ ਜੇਤੂ ਅਮਰੀਕਾ ਦੇ ਓਮਾਰੀ ਜੋਨਸ ਵਿਰੁੱਧ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਵਿਸ਼ਵ ਚੈਂਪੀਅਨਸ਼ਿਪ-2023 ਦਾ ਕਾਂਸੀ ਤਮਗਾ ਜੇਤੂ ਨਿਸ਼ਾਂਤ ਜੇਕਰ ਆਖਰੀ-8 ਗੇੜ ਦਾ ਮੁਕਾਬਲਾ ਜਿੱਤ ਲੈਂਦਾ ਤਾਂ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰ ਲੈਂਦਾ। ਇਥੇ ਹਿੱਸਾ ਲੈ ਰਹੇ 9 ਭਾਰਤੀ ਮੁੱਕੇਬਾਜ਼ਾਂ ’ਚੋਂ ਕੋਈ ਵੀ ਮੁੱਕੇਬਾਜ਼ੀ ’ਚ ਦੇਸ਼ ਦੇ ਚਾਰ ਓਲੰਪਿਕ ਕੋਟਾ ਸਥਾਨਾਂ ’ਚ ਵਾਧਾ ਨਹੀਂ ਕਰ ਸਕਿਆ। ਭਾਰਤ ਨੇ ਆਪਣੇ ਚਾਰੇ ਓਲੰਪਿਕ ਕੋਟਾ ਮਹਿਲਾ ਵਰਗ ’ਚ ਹਾਸਲ ਕੀਤੇ ਹਨ।

ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਕਹਤ ਜਰੀਨ (50 ਕਿ. ਗ੍ਰਾ.), ਪ੍ਰੀਤੀ ਪਵਾਰ (54 ਕਿ. ਗ੍ਰਾ.), ਪਰਵੀਨ ਹੁੱਡਾ (57 ਕਿ. ਗ੍ਰਾ.) ਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿ. ਗ੍ਰਾ.) ਓਲੰਪਿਕ ਕੋਟਾ ਹਾਸਲ ਕਰ ਚੁੱਕੀਆਂ ਹਨ। ਭਾਰਤੀ ਮੁੱਕੇਬਾਜ਼ਾਂ ਨੂੰ 23 ਮਈ ਤੋਂ 3 ਜੂਨ ਤਕ ਬੈਂਕਾਕ ’ਚ ਹੋਣ ਵਾਲੇ ਦੂਜੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਰਾਹੀਂ ਪੈਰਿਸ ਦੀ ਟਿਕਟ ਹਾਸਲ ਕਰਨ ਦਾ ਆਖਰੀ ਮੌਕਾ ਮਿਲੇਗਾ।


author

Tarsem Singh

Content Editor

Related News