ਨਿਡਾਸ ਟਰਾਫੀ : ਫਾਈਨਲਸ ''ਚ ਖੂਬ ਚਲਦਾ ਹੈ ਰੈਨਾ ਦਾ ਬੱਲਾ, ਅੰਕੜੇ ਹਨ ਗਵਾਹ

Sunday, Mar 18, 2018 - 10:50 AM (IST)

ਨਵੀਂ ਦਿੱਲੀ (ਬਿਊਰੋ)— ਟਰਾਫੀ ਦੇ ਫਾਈਨਲ ਵਿਚ ਬੰਗਲਾਦੇਸ਼ ਦੀ ਕੋਸ਼ਿਸ਼ ਇਕ ਹੋਰ ਵੱਡਾ ਉਲਟਫੇਰ ਕਰ ਕੇ ਭਾਰਤ ਨੂੰ ਹਰਾ ਕੇ ਟਰਾਫੀ ਆਪਣੇ ਨਾਮ ਕਰਨ ਦੀ ਹੋਵੇਗੀ। ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਖੇਡੇ ਗਏ ਚਾਰ ਮੁਕਾਬਲਿਆਂ ਵਿਚੋਂ ਤਿੰਨਾਂ ਵਿਚ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਉਥੇ ਹੀ ਬੰਗਲਾਦੇਸ਼ ਦੀ ਟੀਮ ਦੋ ਵਾਰ ਸ਼੍ਰੀਲੰਕਾ ਨੂੰ ਹਾਰ ਦੇ ਕੇ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਿਚ ਕਾਮਯਾਬ ਰਹੀ। ਭਾਰਤ ਨੇ ਇਸ ਸੀਰੀਜ਼ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਫਾਈਨਲ ਵਿਚ ਆਉਣ ਤੋਂ ਪਹਿਲਾਂ ਉਸਦੀ ਸਭ ਤੋਂ ਵੱਡੀ ਚਿੰਤਾ ਕਪਤਾਨ ਰੋਹਿਤ ਸ਼ਰਮਾ ਦੀ ਫ਼ਾਰਮ ਵੀ ਦੂਰ ਹੋ ਗਈ ਹੈ। ਰੋਹਿਤ ਨੇ ਬੰਗਲਾਦੇਸ਼ ਖਿਲਾਫ ਖੇਡੇ ਗਏ ਪਿਛਲੇ ਮੈਚ ਵਿਚ ਅਰਧ ਸੈਂਕੜੀਏ ਪਾਰੀ ਖੇਡ ਕੇ ਵਾਪਸੀ ਕਰਦੇ ਹੋਏ ਬੰਗਲਾਦੇਸ਼ ਨੂੰ ਹਾਰ ਦਾ ਮਜ਼ਾ ਚਖਾਇਆ ਸੀ। ਉਥੇ ਹੀ, ਉਨ੍ਹਾਂ ਦੇ ਜੋੜੀਦਾਰ ਸ਼ਿਖਰ ਧਵਨ ਇਸ ਸੀਰੀਜ਼ ਵਿਚ ਖੇਡੇ ਗਏ ਹੁਣ ਤੱਕ ਦੇ ਤਿੰਨ ਮੈਚਾਂ ਵਿਚ ਦੋ ਅਰਧ ਸੈਂਕੜੇ ਲਗਾ ਚੁੱਕੇ ਹਨ। ਸੀਨੀਅਰ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਪਿਛਲੇ ਮੈਚ ਵਿਚ ਤੂਫਾਨੀ 47 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਚਮਕ ਬਿਖੇਰੀ ਸੀ। ਭਾਰਤੀ ਟੀਮ ਵਿਚ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਸੁਰੇਸ਼ ਰੈਨਾ ਦਾ ਪ੍ਰਦਰਸ਼ਨ ਵੀ ਇਸ ਟੂਰਨਾਮੈਂਟ ਵਿਚ ਠੀਕ-ਠਾਕ ਹੀ ਰਿਹਾ ਹੈ। ਹਾਲਾਂਕਿ, ਫਾਈਨਲ ਮੈਚ ਵਿਚ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਰੈਨਾ ਉੱਤੇ ਹੋਣਗੀਆਂ। ਇਸਦੀ ਵਜ੍ਹਾ ਫਾਈਨਲ ਮੈਚਾਂ ਵਿਚ ਰੈਨਾ ਦਾ ਪਿਛਲਾ ਰਿਕਾਰਡ ਹੈ।

ਅਜਿਹੀ ਹੈ ਰੈਨਾ ਦੀ ਫਾਰਮ
ਸੁਰੇਸ਼ ਰੈਨਾ ਫਾਈਨਲਸ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਟੀ20 ਟੂਰਨਾਮੈਂਟ ਦੇ 11 ਫਾਈਨਲ ਮੁਕਾਬਲਿਆਂ ਵਿਚ ਰੈਨਾ ਨੇ 159.56 ਦੇ ਸ਼ਾਨਦਾਰ ਸਟਰਾਈਕ ਰੇਟ ਨਾਲ 367 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੈਨਾ ਇਕ ਸੈਂਕੜਾ ਅਤੇ ਦੋ ਅਰਧ ਸੈਂਕੜਾ ਲਗਾਉਣ ਵਿਚ ਵੀ ਕਾਮਯਾਬ ਰਹੇ। ਭਾਰਤੀ ਟੀਮ ਚਾਹੇਗੀ ਕਿ ਬੰਗਲਾਦੇਸ਼ ਖਿਲਾਫ ਵੀ ਰੈਨਾ ਟੀਮ ਲਈ ਕੁਝ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰੇ। ਉਂਝ ਇਸ ਟੂਰਨਾਮੈਂਟ ਵਿਚ ਬੱਲੇਬਾਜ਼ੀ ਤੋਂ ਜ਼ਿਆਦਾ ਭਾਰਤ ਦੀ ਪਰੇਸ਼ਾਨੀ ਗੇਂਦਾਬਜ਼ੀ ਰਹੀ ਹੈ।

ਭਾਰਤੀ ਟੀਮ ਕੋਲ ਵਿਕਟਾਂ ਕੱਢਣ ਵਾਲੇ ਸਪਿਨਰ
ਟਾਪ ਆਰਡਰ ਦੇ ਜਲਦੀ ਆਊਟ ਹੋਣ ਦੇ ਬਾਵਜੂਦ ਵੀ ਮਿਡਲ ਆਰਡਰ ਨੇ ਭਾਰਤ ਨੂੰ ਕਈ ਮੈਚਾਂ ਵਿਚ ਜਿੱਤ ਦਿਵਾਉਣ ਦਾ ਕੰਮ ਕੀਤਾ ਹੈ। ਮਨੀਸ਼ ਪਾਂਡੇ ਅਤੇ ਦਿਨੇਸ਼ ਕਾਰਤਿਕ ਇਸ ਸਮੇਂ ਸ਼ਾਨਦਾਰ ਫ਼ਾਰਮ ਵਿਚ ਹਨ ਅਤੇ ਉਹ ਆਪਣੇ ਫ਼ਾਰਮ ਨੂੰ ਫਾਈਨਲ ਵਿਚ ਵੀ ਬਰਕਰਾਰ ਰੱਖਣਾ ਚਾਹੁਣਗੇ। ਇਸਦੇ ਇਲਾਵਾ ਟੀਮ ਵਿਚ ਯੁਜਵੇਂਦਰ ਚਾਹਲ ਅਤੇ ਵਾਸ਼ਿੰਗਟਨ ਸੁੰਦਰ ਦੇ ਰੂਪ ਵਿਚ ਦੋ ਸਪਿਨਰ ਹਨ। ਉਥੇ ਹੀ ਸ਼ਾਰਦੁਲ ਠਾਕੁਰ ਨੇ ਵੀ ਆਪਣੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਕੀਤਾ ਹੈ।


Related News