ਧੋਨੀ ਦੇ ਸੰਨਿਆਸ ਦੀ ਖਬਰ ਨਾਲ ਮਚੀ ਖਲਬਲੀ, ਪ੍ਰਸਾਦ ਨੇ ਕੀਤਾ ਇਨਕਾਰ

Thursday, Sep 12, 2019 - 09:16 PM (IST)

ਧੋਨੀ ਦੇ ਸੰਨਿਆਸ ਦੀ ਖਬਰ ਨਾਲ ਮਚੀ ਖਲਬਲੀ, ਪ੍ਰਸਾਦ ਨੇ ਕੀਤਾ ਇਨਕਾਰ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦਾ ਚਰਚਿਤ ਚਿਹਰਾ ਮਹਿੰਦਰ ਸਿੰਘ ਧੋਨੀ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਇਹ ਖਬਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਫੈਲਣੀ ਸ਼ੁਰੂ ਹੋਈ, ਚੌਹਤਰਫਾ ਖਲਬਲੀ ਮਚ ਗਈ। ਹਾਲਾਂਕਿ ਕੁੱਝ ਹੀ ਸਮੇਂ ਬਾਅਦ ਬੀ. ਸੀ. ਸੀ. ਆਈ. ਦੇ ਮੁੱਖ ਚੋਣਕਰਤਾ ਐੱਮ. ਐੱਸ. ਕੇ. ਪ੍ਰਸਾਦ ਨੇ ਇਨ੍ਹਾਂ ਖਬਰਾਂ ਦਾ ਖੰਡਨ ਵੀ ਕਰ ਦਿੱਤਾ। 38 ਸਾਲ ਦਾ ਧੋਨੀ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਦੇ ਬਾਅਦ ਤੋਂ ਹੀ ਇਕ ਮਹੀਨੇ ਦੀ ਛੁੱਟੀ 'ਤੇ ਹੈ। ਉਹ ਭਾਰਤੀ ਫੌਜ ਦੀ ਪੈਰਾਸ਼ੂਟ ਰੈਜੀਮੈਂਟ ਦੇ ਨਾਲ ਟ੍ਰੇਨਿੰਗ ਕਰ ਰਿਹਾ ਹੈ। ਮੰਨਿਆ ਜਾ ਰਿਹਾ ਸੀ ਕਿ ਇੰਗਲੈਂਡ ਵਿਚ ਇਸ ਸਾਲ ਖਤਮ ਹੋਏ ਵਿਸ਼ਵ ਕੱਪ ਦੀ ਸਮਾਪਤੀ ਦੇ ਨਾਲ ਹੀ ਧੋਨੀ ਆਪਣੇ ਸੰਨਿਆਸ ਦਾ ਐਲਾਨ ਵੀ ਕਰ ਦੇਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੋਣਕਰਤਾ ਪ੍ਰਮੁੱਖ ਪ੍ਰਸਾਦ ਨੇ ਉਸ ਦੀ ਟੀਮ ਵਿਚ ਖੁਦ ਹੀ ਚੋਣ 'ਤੇ ਸਵਾਲ ਖੜ੍ਹਾ ਕਰ ਦਿੱਤਾ।
ਧੋਨੀ ਦੀ ਵਿਸ਼ਵ ਕੱਪ ਵਿਚ ਹੌਲੀ ਬੱਲੇਬਾਜ਼ੀ 'ਤੇ ਵੀ ਕਾਫੀ ਸਵਾਲ ਉੱਠੇ ਸਨ। ਇਸ ਤੋਂ ਬਾਅਦ ਵੈਸਟਇੰਡੀਜ਼ ਦੌਰੇ ਤੋਂ ਉਸ ਨੇ ਖੁਦ ਨੂੰ ਅਲੱਗ ਕਰਦੇ ਹੋਏ 1 ਮਹੀਨੇ ਦੀ ਛੁੱਟੀ ਲੈ ਲਈ। ਹਾਲਾਂਕਿ ਅੱਜ ਲਗਾਤਾਰ ਇਹ ਖਬਰ ਛਾਈ ਰਹੀ ਕਿ ਧੋਨੀ ਮੁੰਬਈ ਵਿਚ ਪੱਤਰਕਾਰ ਸੰਮੇਲਨ ਕਰ ਕੇ ਆਪਣੇ ਸੰਨਿਆਸ ਦਾ ਐਲਾਨ ਕਰ ਦੇਵੇਗਾ। ਉਸ ਨੇ ਬੀ. ਸੀ. ਸੀ. ਆਈ. ਮੈਨੇਜਮੈਂਟ ਨੂੰ ਵੀ ਇਸ ਤੋਂ ਜਾਣੂੰ ਕਰਵਾ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲਾ ਹੈ।

PunjabKesari
ਅਸਲ ਵਿਚ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਸਵੇਰੇ ਟਵੀਟ 'ਤੇ ਆਪਣੀ ਅਤੇ ਧੋਨੀ ਦੀ ਸਾਲ 2016 ਦੇ ਵਿਸ਼ਵ ਕੱਪ ਮੈਚ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਉਸ ਵਿਚ ਧੋਨੀ ਨਾਲ ਆਪਣੀਆਂ ਆਖਰੀ ਲੀਗ ਮੈਚ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਲਿਖਿਆ ਸੀ, ''ਇਸ ਸ਼ਖਸ ਨੇ ਮੈਨੂੰ ਇਸ ਤਰ੍ਹਾਂ ਭਜਾਇਆ ਜਿਵੇਂ ਮੇਰਾ ਫਿਟਨੈੱਸ ਟੈਸਟ ਹੋਵੇ। ਮੈਂ ਇਸ ਖਾਸ ਰਾਤ ਨੂੰ ਕਦੇ ਨਹੀਂ ਭੁਲਾ ਸਕਦਾ। ਦੋਵੇਂ ਕ੍ਰਿਕਟਰਾਂ ਨੇ ਆਸਟਰੇਲੀਆ ਖਿਲਾਫ ਇਸ ਮੈਚ ਵਿਚ ਅਹਿਮ ਸਾਂਝੇਦਾਰੀ ਨਿਭਾਈ ਅਤੇ ਟੀਮ ਨੂੰ ਜਿੱਤ ਦੁਆਈ ਸੀ। ਇਸ ਦੇ ਲਈ ਵਿਰਾਟ ਨੇ ਧੋਨੀ ਨੂੰ ਸ਼ੁਕਰੀਆ ਵੀ ਅਦਾ ਕੀਤਾ ਸੀ। ਇਸ ਤੋਂ ਬਾਅਦ ਇਹ ਖਬਰ ਗਰਮਾ ਗਈ ਕਿ ਧੋਨੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਵੇਗਾ।
ਸਾਬਕਾ ਭਾਰਤੀ ਕਪਤਾਨ ਨੇ ਆਖਰੀ ਵਾਰ ਫਰਵਰੀ 2019 ਵਿਚ ਬੰਗਲੁਰੂ ਵਿਖੇ ਆਸਟਰੇਲੀਆ ਖਿਲਾਫ ਟੀ-20 ਖੇਡਿਆ ਸੀ। ਭਾਰਤ ਵਲੋਂ ਧੋਨੀ ਨੇ 90 ਟੈਸਟਾਂ ਵਿਚ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਹਨ ਜਦਕਿ 350 ਵਨ ਡੇ ਮੈਚਾਂ ਵਿਚ ਉਸ ਦੇ ਨਾਂ 10,773 ਦੌੜਾਂ ਦਰਜ ਹਨ। ਉਸ ਨੇ 98 ਟੀ-20 ਮੈਚਾਂ ਵਿਚ 1617 ਦੌੜਾਂ ਬਣਾਈਆਂ ਹਨ।


author

Gurdeep Singh

Content Editor

Related News