ਪਾਵੋ ਨੂਰਮੀ ਖੇਡਾਂ 2022 ’ਚ ਸੰਘਰਸ਼ ਕਰਦੇ ਦਿਸਣਗੇ ਨੀਰਜ, ਵੇਟਰ ਤੇ ਪੀਟਰਸ
Thursday, Apr 14, 2022 - 05:25 PM (IST)
ਮੋਨਾਕੋ (ਏਜੰਸੀ)- ਜੈਵਲਿਨ ਥਰੋਅ ’ਚ ਕੌਮਾਂਤਰੀ ਖ਼ਿਤਾਬ ਜੇਤੂ ਭਾਰਤ ਦੇ ਨੀਰਜ ਚੋਪੜਾ, ਜਰਮਨੀ ਦੇ ਜੋਹਾਂਸ ਵੇਟਰ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਗ੍ਰੇਨੇਡਾ ਦੇ ਐਂਡਰਸਨ ਪੀਟਰਸ ਪਾਵੋਂ ਨੂਰਮੀ ਖੇਡਾਂ 2022 ਵਿਚ ਵਿਸ਼ਵ ਐਥਲੈਟਿਕਸ ਮਹਾਦੀਪ ਟੂਰ ਸੋਨ ਤਮਗਾ ਟੂਰਨਾਮੈਂਟ ਵਿਚ ਮੁਕਾਬਲਾ ਕਰਦੇ ਨਜ਼ਰ ਆਉਣਗੇ, ਜੋ ਫਿਨਲੈਂਡ ਵਿਚ 14 ਜੂਨ ਤੋਂ ਸ਼ੁਰੂ ਹੋਵੇਗਾ।
ਖੇਡਾਂ ਦੇ ਆਯੋਜਕਾਂ ਨੇ ਬੁੱਧਵਾਰ ਨੂੰ ਤਿੰਨਾਂ ਖਿਡਾਰੀਆਂ ਦੇ ਮੁਕਾਬਲੇ ’ਚ ਹਿੱਸਾ ਲੈਣ ਦੀ ਜਾਣਕਾਰੀ ਦਿੱਤੀ। 2020 ਟੋਕੀਓ ਓਲੰਪਿਕ ਜੇਤੂ ਨੀਰਜ ਚੋਪੜਾ ਵਿਸ਼ਵ ਚੈਂਪੀਅਨ ਪੀਟਰਸ ਅਤੇ 2017 ਵਿਸ਼ਵ ਚੈਂਪੀਅਨਸ਼ਿਪ ਦੇ ਜੇਤੂ ਜੋਹਾਂਸ ਵੇਟਰ ਨਾਲ ਭਿੜਨਗੇ। ਮੁਕਾਬਲੇ ਨੂੰ ਹੋਰ ਡੂੰਘਾਈ ਦੇਣ ਲਈ ਟੋਕੀਓ ਓਲੰਪਿਕ ਖੇਡਾਂ ਵਿਚ ਚੌਥੇ ਸਥਾਨ ’ਤੇ ਰਹਿਣ ਵਾਲੇ ਜਰਮਨੀ ਦੇ ਜੂਲੀਅਨ ਵੇਬਰ ਵੀ ਮੁਕਾਬਲੇ ਵਿਚ ਸ਼ਾਮਲ ਹੋਣਗੇ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਇਹ ਚਾਰ ਸਟਾਰ ਜੈਵਲਿਨ ਥਰੋਅ ਐਥਲੀਟ ਫਾਈਨਲ ਵਿਚ ਭਿੜਨਗੇ।