ਸੁਸ਼ੀਲ ਕਿਵੇਂ ਬਣ ਸਕਦੇ ਨੇ ਰਾਸ਼ਟਰੀ ਆਬਜ਼ਰਵਰ : ਨਰਸਿੰਘ

06/30/2017 12:01:29 PM

ਨਵੀਂ ਦਿੱਲੀ— ਮੁਅੱਤਲ ਪਹਿਲਵਾਨ ਨਰਸਿੰਘ ਯਾਦਵ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰਾਸ਼ਟਰੀ ਆਬਜ਼ਰਵਰ ਨਿਯੁਕਤ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਖੇਡ ਮੰਤਰਾਲੇ ਨੂੰ ਪੱਤਰ ਲਿਖ ਕੇ ਸੁਸ਼ੀਲ ਕੁਮਾਰ ਦੀ ਨਿਯੁਕਤੀ 'ਤੇ ਹਿਤਾਂ ਦੇ ਟਕਰਾਅ ਦਾ ਦੋਸ਼ ਲਾਇਆ ਹੈ। ਨਰਸਿੰਘ ਨੇ ਪਿਛਲੇ ਹਫਤੇ ਖੇਡ ਮੰਤਰਾਲੇ ਨੂੰ ਪੱਤਰ ਲਿਖਿਆ ਤੇ ਸਵਾਲ ਉਠਾਇਆ ਕਿ ਸੁਸ਼ੀਲ ਕਿਵੇਂ ਰਾਸ਼ਟਰੀ ਆਬਜ਼ਰਵਰ ਬਣ ਸਕਦਾ ਹੈ ਜਦਕਿ ਉਹ ਛਤਰਸਾਲ ਸਟੇਡੀਅਮ ਅਖਾੜੇ 'ਚ ਪਹਿਲਵਾਨਾਂ ਨੂੰ ਤਿਆਰ ਕਰਨ ਨਾਲ ਜੁੜਿਆ ਹੈ। ਇਹ ਅਖਾੜਾ ਉਸ ਦਾ ਸਹੁਰਾ ਪਹਿਲਵਾਨ ਸਤਪਾਲ ਚਲਾਉਂਦਾ ਹੈ। ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਦੇ ਇਕ ਅਧਿਕਾਰੀ ਨੇ ਕਿਹਾ ਕਿ ਨਰਸਿੰਘ ਨੇ ਖੇਡ ਮੰਤਰਾਲੇ ਨੂੰ ਪੱਤਰ ਲਿਖ ਕੇ ਸੁਸ਼ੀਲ ਨੂੰ ਰਾਸ਼ਟਰੀ ਆਬਜ਼ਰਵਰ ਬਣਾਉਣ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਨਰਸਿੰਘ ਮੁਤਾਬਕ ਸੁਸ਼ੀਲ ਰਾਸ਼ਟਰੀ ਆਬਜ਼ਰਵਰ ਦੇ ਰੂਪ 'ਚ ਛਤਰਸਾਲ ਦੇ ਆਪਣੇ ਖਿਡਾਰੀਆਂ ਦਾ ਪੱਖ ਲੈ ਸਕਦਾ ਹੈ। ਨਰਸਿੰਘ ਨੇ ਦਾਅਵਾ ਕੀਤਾ ਹੈ ਕਿ ਆਪਣੇ ਅਖਾੜੇ 'ਚ ਪਹਿਲਵਾਨਾਂ ਨੂੰ ਸਿਖਲਾਈ ਦੇਣਾ ਤੇ ਨਾਲ ਹੀ ਰਾਸ਼ਟਰੀ ਆਬਜ਼ਰਵਰ ਹੋਣਾ ਹਿਤਾਂ ਦਾ ਟਕਰਾਅ ਹੈ। ਭਾਰਤ ਲਈ ਓਲੰਪਿਕ 'ਚ ਦੋ ਮੈਡਲ ਜਿੱਤਣ ਵਾਲੇ ਸੁਸ਼ੀਲ ਉਨ੍ਹਾਂ 14 ਓਲੰਪੀਅਨਾਂ 'ਚ ਸ਼ਾਮਿਲ ਹਨ ਜਿਨ੍ਹਾਂ ਨੂੰ ਖੇਡ ਮੰਤਰੀ ਨੇ ਇਸ ਸਾਲ ਆਪਣੀਆਂ ਖੇਡਾਂ ਦਾ ਰਾਸ਼ਟਰੀ ਆਬਜ਼ਰਵਰ ਨਿਯੁਕਤ ਕੀਤਾ ਸੀ। ਨਰਸਿੰਘ ਨੇ ਨਾਲ ਹੀ ਸਵਾਲ ਉਠਾਇਆ ਹੈ ਕਿ ਸੁਸ਼ੀਲ ਨੂੰ ਕਿਵੇਂ ਰਾਸ਼ਟਰੀ ਆਬਜ਼ਰਵਰ ਨਿਯੁਕਤ ਕੀਤਾ ਜਾ ਸਕਦਾ ਹੈ ਜਦਕਿ ਰੀਓ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਗੜਬੜੀ ਕਰਨ ਦੇ ਦੋਸ਼ ਲੱਗੇ ਸਨ। ਨਰਸਿੰਘ 'ਤੇ ਡੋਪਿੰਗ ਦੇ ਦੋਸ਼ਾਂ ਕਾਰਨ ਚਾਰ ਸਾਲ ਲਈ ਪਾਬੰਦੀ ਲਾਈ ਗਈ ਸੀ। ਅਧਿਕਾਰੀ ਨੇ ਦਾਅਵਾ ਕੀਤਾ ਕਿ ਨਰਸਿੰਘ ਨੇ ਓਲੰਪਿਕ ਤੋਂ ਪਹਿਲਾਂ ਕਥਿਤ ਤੌਰ 'ਤੇ ਉਨ੍ਹਾਂ ਦੇ ਖਾਣੇ ਤੇ ਪੀਣ ਵਾਲੇ ਪਦਾਰਥਾਂ 'ਚ ਮਿਲਾਵਟ ਕਰਨ ਨੂੰ ਲੈ ਕੇ ਸਪੱਸ਼ਟ ਤੌਰ 'ਤੇ ਸੁਸ਼ੀਲ 'ਤੇ ਆਪਣੇ ਸ਼ੱਕ ਬਾਰੇ ਲਿਖਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕੁਸ਼ਤੀ 'ਚ ਚਾਰ ਸਾਲ ਲਈ ਮੁਅੱਤਲ ਕੀਤਾ ਗਿਆ ਹੈ।


Related News