ਨਡਾਲ ਪ੍ਰੀ-ਕੁਆਰਟਰ ਫਾਈਨਲ ''ਚ ਦੂਜੀ ਸੀਡ ਪਿਲਕੋਵਾ ਵੀ ਬਾਹਰ

01/26/2020 1:21:23 PM

ਸਪੋਰਟਸ ਡੈਸਕ— ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਚ ਉਲਟਫੇਰਾਂ ਅਤੇ ਧਾਕੜ ਖਿਡਾਰੀਆਂ ਦੇ ਹਾਰ ਜਾਣ ਦਾ ਸਿਲਸਿਲਾ ਜਾਰੀ ਹੈ, ਇਸ ਕੜੀ 'ਚ ਨਵੀਂ ਸ਼ਿਕਾਰ ਬਣੀ ਹੈ ਦੂਜੀ ਸੀਡ ਅਤੇ ਵਿਸ਼ਵ ਦੀ ਨੰਬਰ-2 ਖਿਡਾਰਨ ਚੈੱਕ ਗਣਰਾਜ ਦੀ ਪਿਲਸਕੋਵਾ ਜਦਕਿ ਪੁਰਸ਼ਾਂ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਟਾਪ ਸੀਡ ਸਪੇਨ ਦੇ ਰਾਫੇਲ ਨਡਾਲ ਨੇ ਲਗਾਤਾਰ ਸੈੱਟਾਂ ਵਿਚ ਜਿੱਤ ਦੇ ਨਾਲ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।

ਆਸਟਰੇਲੀਅਨ ਓਪਨ 'ਚ ਆਪਣੇ ਦੂਜੇ ਖਿਤਾਬ ਨੂੰ ਹਾਸਲ ਕਰਨ 'ਚ ਲੱਗੇ ਨਡਾਲ ਨੇ ਸ਼ਨੀਵਾਰ ਨੂੰ ਤੀਜੇ ਦੌਰ 'ਚ 27ਵੀਂ ਸੀਡ ਹਮਵਤਨ ਸਪੈਨਿਸ਼ ਖਿਡਾਰੀ ਪਾਬਲੋ ਕਰਨੇ ਬੁਸਤਾ ਨੂੰ ਇਕ ਘੰਟਾ 38 ਮਿੰਟ 'ਚ 6-1, 6-2, 6-4 ਨਾਲ ਹਰਾਇਆ। ਨਡਾਲ ਦਾ ਪ੍ਰੀ-ਕੁਆਰਟਰ ਫਾਈਨਲ 'ਚ ਆਸਟਰੇਲੀਆ ਦੇ ਬੈਡ ਬੋਆਏ ਨਿਕ ਕਿਰਗਿਓਸ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਰੂਸ ਦੇ ਕਾਰੇਨ ਖਾਚਾਨੋਵ ਨੂੰ 4 ਘੰਟੇ 26 ਮਿੰਟ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ 6-2, 7-6, 6-7, 6-7, 7-6 ਨਾਲ ਹਰਾਇਆ।

ਮਹਿਲਾ ਵਰਗ 'ਚ ਦੂਜੀ ਸੀਡ ਪਿਲਸਕੋਵਾ ਨੂੰ ਤੀਜੇ ਦੌਰ ਵਿਚ ਰੂਸ ਦੀ ਅਨਸਾਸੀਆ ਪਾਵਲਿਊਚੇਨਕੋਵਾ ਨੇ ਸਖਤ ਸੰਘਰਸ਼ 'ਚ 7-6 (7-4), 7-6 (7-3) ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪਿਲਸਕੋਵਾ ਪਿਛਲੇ ਸਾਲ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਤਕ ਪਹੁੰਚੀ ਸੀ ਪਰ ਇਸ ਵਾਰ ਉਸ ਦੀ ਤੀਜੇ ਰਾਊਂਡ 'ਚ ਹੀ ਛੁੱਟੀ ਹੋ ਗਈ।

ਇਕ ਹੋਰ ਉਲਟਫੇਰ ਵਿਚ ਛੇਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੂੰ ਇਸਤੋਨੀਆ ਦੀ ਏਨੇਟਾ ਕੋਂਤਾਵੇਤ ਨੇ ਇਕਪਾਸੜ ਅੰਦਾਜ਼ ਵਿਚ 6-0, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਨ੍ਹਾਂ ਉਲਟਫੇਰਾਂ ਵਿਚਾਲੇ ਸਾਬਕਾ ਨੰਬਰ ਇਕ ਅਤੇ ਚੌਥੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਸੇਵਾ ਨੂੰ 6-1, 6-4 ਨਾਲ ਹਰਾ ਕੇ ਰਾਊਂਡ-16 'ਚ ਜਗ੍ਹਾ ਬਣਾ ਲਈ। ਉਥੇ ਹੀ ਦੋ ਵਾਰ ਦੀ ਮੇਜਰ ਜੇਤੂ ਗਰਬਾਇਨ ਮੁਗੁਰੂਜਾ ਨੇ ਪੰਜਵਾਂ ਦਰਜਾ ਪ੍ਰਾਪਤ ਏਲੀਨਾ ਸਵਿਤੋਲੀਨਾ ਨੂੰ 6-1, 6-2 ਨਾਲ ਹਰਾਇਆ, ਜਿਸ ਨਾਲ ਟਾਪ-10 ਮਹਿਲਾ ਦਰਜਾ ਪ੍ਰਾਪਤ ਖਿਡਾਰਨਾਂ ਵਿਚੋਂ 6 ਤੀਜੇ ਦੌਰ ਵਿਚ ਹਾਰ ਕੇ ਬਾਹਰ ਹੋ ਗਈਆਂ ਹਨ।


Related News