ਸਿੰਧੂ ਮੈਡ੍ਰਿਡ ਮਾਸਟਰਸ ਦੇ ਕੁਆਰਟਰ ਫਾਈਨਲ ’ਚ ਪਹੁੰਚੀ
Thursday, Mar 28, 2024 - 08:20 PM (IST)
ਮੈਡ੍ਰਿਡ– ਭਾਰਤ ਦੀ ਧਾਕੜ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਮੈਡ੍ਰਿਡ ਸਪੇਨ ਮਾਸਟਰਸ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਇੱਥੇ ਚੀਨੀ ਤਾਈਪੇ ਦੀ ਹੁਆਂਗ ਯੂ ਹਸੁਨ ’ਤੇ ਸਿੱਧੇ ਸੈੱਟਾਂ ਵਿਚ ਆਸਾਨ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸ ਮੁਕਾਬਲੇ ਵਿਚ ਪੂਰੀ ਤਰ੍ਹਾਂ ਨਾਲ ਸਿੰਧੂ ਦਾ ਦਬਦਬਾ ਦਿਸਿਆ, ਜਿਸ ਨੂੰ ਵਿਸ਼ਵ ਰੈਂਕਿੰਗ ਵਿਚ 63ਵੇਂ ਸਥਾਨ ’ਤੇ ਕਾਬਜ਼ ਤਾਈਵਾਨ ਦੀ ਕੁਆਲੀਫਾਇਰ ਖਿਡਾਰਨ ਤੋਂ ਕੋਈ ਚੁਣੌਤੀ ਨਹੀਂ ਮਿਲੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ 36 ਮਿੰਟ ਤਕ ਚੱਲੇ ਮੈਚ ਨੂੰ 21-14, 21-12 ਨਾਲ ਆਪਣੇ ਨਾਂ ਕੀਤਾ।
ਮਹਿਲਾ ਸਿੰਗਲਜ਼ ਵਰਗ ਵਿਚ ਭਾਰਤੀ ਸ਼ਟਲਰ ਅਸ਼ਮਿਤਾ ਚਾਲਿਹਾ ਨੂੰ ਹਾਲਾਂਕਿ ਨਿਰਾਸ਼ਾ ਹੱਥ ਲੱਗੀ। ਪਹਿਲੇ ਰਾਊਂਡ ਵਿਚ ਵਿਸ਼ਵ ਦੀ 45ਵੇਂ ਨੰਬਰ ਦੀ ਭਾਰਤੀ ਖਿਡਾਰਨ ਨੂੰ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਹੱਥੋਂ 13-21, 11-21 ਨਾਲ ਹਾਰ ਮਿਲੀ। ਇਕ ਹੋਰ ਪੁਰਸ਼ ਸਿੰਗਲਜ਼ ਮੈਚ ’ਚ ਭਾਰਤੀ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਣ ਨੂੰ ਸਿੰਗਾਪੁਰ ਦੇ ਜਿਆ ਹੇਂਗ ਜੇਸਨ ਹੱਥੋਂ 15-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਪੁਰਸ਼ ਸਿੰਗਲਜ਼ ’ਚ ਕਿਰਨ ਜਾਰਜ ਤੇ ਮਿਥੁਨ ਮੰਜੂਨਾਥ ਨੂੰ ਵੀ ਆਪਣੇ-ਆਪਣੇ ਮੁਕਾਬਲੇ ਵਿਚ ਹਾਰ ਝੱਲਣੀ ਪਈ। ਇਸ ਤੋਂ ਇਲਾਵਾ ਬੀ. ਸੁਮਿਤ ਰੈੱਡੀ ਤੇ ਐੱਨ. ਸਿੱਕੀ ਰੈੱਡੀ ਦੀ ਜੋੜੀ ਨੇ ਝੇਨ ਝੀ ਰੇ ਤੇ ਯਾਂਗ ਚਿੰਗ ਤੁਨ ਨੂੰ 16-21, 22-20, 21-14 ਨਾਲ ਹਰਾ ਕੇ ਅਗਲੇ ਰਾਊਂਡ ਵਿਚ ਜਗ੍ਹਾ ਬਣਾਈ।