ਮੇਰਾ ਕੰਮ ਬੱਲੇਬਾਜ਼ੀ ਕਰਨਾ, ਆਲਰਾਊਂਡਰ ਦੇ ਟੈਗ ਤੋਂ ਪਰੇਸ਼ਾਨ ਹੋਣਾ ਨਹੀਂ : ਦੀਪਕ ਚਾਹਰ
Thursday, Jul 22, 2021 - 03:58 PM (IST)
ਸਪੋਰਟਸ ਡੈਸਕ— ਸ਼੍ਰੀਲੰਕਾ ਖ਼ਿਲਾਫ਼ ਮੰਗਲਵਾਰ ਨੂੰ ਦੂਜਾ ਵਨ-ਡੇ ਜਿੱਤਣ ’ਚ ਭਾਰਤ ਦੀ ਮਦਦ ਕਰਨ ਲਈ ਅਜੇਤੂ 69 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਿਹਾ ਕਿ ਉਨ੍ਹਾਂ ਨੂੰ ਹਰਫ਼ਨਮੌਲਾ (ਆਲਰਾਊਂਡਰ) ਖਿਡਾਰੀ ਦੇ ਟੈਗ ਜਾਂ ਟੀ-20 ਵਰਲਡ ਕੱਪ ਟੀਮ ’ਚ ਚੋਣ ਦੀ ਕੋਈ ਚਿੰਤਾਂ ਨਹੀਂ ਹੈ। ਪਰ ਉਹ ਆਪਣੀ ਬੱਲੇਬਾਜ਼ੀ ’ਤੇ ਸਖ਼ਤ ਮਿਹਨਤ ਕਰਨਾ ਜਾਰੀ ਰੱਖਣਗੇ ਜਿਵੇਂ ਕਿ ਉਹ ਆਮ ਤੌਰ ’ਤੇ ਕਰਦੇ ਹਨ।
ਉਨ੍ਹਾਂ ਕਿਹਾ, ‘‘ਲੋਕ ਮੈਨੂੰ ਆਲਰਾਊਂਡਰ ਮੰਨਦੇ ਹਨ ਜਾਂ ਨਹੀਂ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਪਰ ਮੇਰੇ ਸਾਹਮਣੇ ਖੇਡਣ ਵਾਲੇ ਬੱਲੇਬਾਜ਼ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਮੈਂ ਉਸ ਦਾ ਸਮਰਥਨ ਕਰ ਸਕਦਾ ਹਾਂ। ਜੇਕਰ ਮੈਂ ਇਸ ਸਥਿਤੀ ’ਚ ਬੱਲੇਬਾਜ਼ੀ ਕਰਦਾ ਹਾਂ (ਦੂਜੇ ਵਨ-ਡੇ ’ਚ ਜਦੋਂ ਭਾਰਤ ਨੂੰ ਫਿਰ ਤੋਂ 4 ਵਿਕਟਾਂ ਦੇ ਨਾਲ 83 ਦੌੜਾਂ ਚਾਹੀਦੀਆਂ ਸਨ) ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਬੱਲੇਬਾਜ਼ ਮੇਰੀ ਮਦਦ ਕਰ ਸਕਦਾ ਹੈ ਤੇ ਮੈਚ ਜਿੱਤ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਖ਼ਿਲਾਫ਼ ਭਾਰਤੀ ਟੀਮ ਦੂਜੇ ਵਨ-ਡੇ ’ਚ 193/7 ਦੇ ਸਕੋਰ ਦੇ ਨਾਲ 276 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰ ਲਈ ਸੰਘਰਸ਼ ਕਰ ਰਹੀ ਸੀ। ਇਸ ਦੌਰਾਨ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਦੀਪਕ ਚਾਹਰ ਨੇ ਭੁਵਨੇਸ਼ਵਰ ਕੁਮਾਰ ਦੇ ਨਾਲ ਕਮਾਨ ਸੰਭਾਲੀ ਤੇ ਟੀਮ 3 ਵਿਕਟਾਂ ਰਹਿੰਦੇ ਮੈਚ ਜਿੱਤਦੇ ਹੋਏ ਸੀਰੀਜ਼ ’ਚ ਅਜੇਤੂ ਬੜ੍ਹਤ ਹਾਸਲ ਕਰਨ ’ਚ ਕਾਮਯਾਬ ਰਹੀ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਵਨ-ਡੇ ਵੀ ਜਿੱਤਿਆ। ਹੁਣ ਤੀਜਾ ਤੇ ਸੀਰੀਜ਼ ਦਾ ਆਖ਼ਰੀ ਵਨ-ਡੇ ਮੈਚ 23 ਜੁਲਾਈ ਨੂੰ ਖੇਡਿਆ ਜਾਵੇਗਾ।