ਵਿਰਾਟ ਕੋਹਲੀ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
Wednesday, Nov 10, 2021 - 05:39 PM (IST)
ਮੁੰਬਈ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਰਾਮਨਾਗੇਸ਼ ਅਲਿਬਥਿਨੀ ਹੈ ਅਤੇ ਉਸ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਮਨਾਗੇਸ਼ ਸਾਫ਼ਟਵੇਅਰ ਇੰਜੀਨੀਅਰ ਹੈ ਅਤੇ ਉਹ ਪਹਿਲਾਂ ਫੂਡ ਡਿਲਿਵਰੀ ਐਪ ਲਈ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਨੂੰ 24 ਅਕਤੂਬਰ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁੱਝ ਯੂਜ਼ਰਸ ਨੇ ਸ਼ਮੀ ਦੇ ਧਰਮ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਗੱਦਾਰ ਤੱਕ ਕਹਿ ਦਿੱਤਾ ਹੈ। ਇਸ ਦੇ ਬਾਅਦ ਵਿਰਾਟ ਕੋਹਲੀ ਨੇ ਅਜਿਹੇ ਟਰੋਲਰਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਹੈ ਉਹ ਬਿਨਾਂ ਰੀੜ੍ਹ ਦੇ ਹੁੰਦੇ ਹਨ। ਹਾਲਾਂਕਿ ਟਰੋਲਰਸ ਨੂੰ ਵਿਰਾਟ ਦੀ ਨਾਰਾਜ਼ਗੀ ਸਹੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕੋਹਲੀ ਦੀ ਧੀ ਨੂੰ ਲੈ ਕੇ ਜ਼ਬਰ-ਜਿਨਾਹ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਜਬਰ-ਜ਼ਿਨਾਹ ਦੀ ਧਮਕੀ ਵਾਲੇ ਸਕ੍ਰੀਨਸ਼ਾਟ ਨੂੰ ਕਈ ਯੂਜ਼ਰਸ ਵੱਲੋਂ ਸਾਂਝਾ ਕਰਕੇ ਉਸ ਸਖ਼ਸ ਦੀ ਆਲੋਚਨਾ ਕੀਤੀ ਗਈ ਸੀ ਅਤੇ ਵਿਰਾਟ ਕੋਹਲੀ ਦਾ ਸਮਰਥਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ
ਉਥੇ ਹੀ ਇਹ ਮਾਮਲਾ ਧਿਆਨ ਵਿਚ ਆਉਂਦੇ ਹੀ ਦਿੱਲੀ ਮਹਿਲਾ ਕਮਿਸ਼ਨ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਦੇ ਮਾਮਲੇ ਵਿਚ ਬੀਤੇ ਦਿਨੀਂ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਵੀ ਕੀਤੀ ਸੀ। ਉਨ੍ਹਾਂ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ, ‘ਇਹ ਸਮਾਂ ਟੀਮ ਨਾਲ ਖੜ੍ਹੇ ਹੋਣ ਦਾ ਹੈ ਨਾ ਕਿ ਉਨ੍ਹਾਂ ਦੇ ਖ਼ਿਲਾਫ਼। ਭਾਵੇਂ ਹੀ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਹੋਵੇ ਪਰ ਖਿਡਾਰੀਆਂ ਅਤੇ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਅਜਿਹਾ ਵਤੀਰਾ ਬੇਹੱਦ ਸ਼ਰਮਨਾਕ ਅਤੇ ਦੁਖਦਾਈ ਹੈ। ਮੈਨੂੰ ਇਹ ਜਾਣ ਕੇ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਵਿਰਾਟ ਕੋਹਲੀ ਦੀ 9 ਮਹੀਨੇ ਦੀ ਬੱਚੀ ਨੂੰ ਆਨਲਾਈਨ ਜਬਰ-ਜ਼ਿਨਾਹ ਦੀ ਧਮਕੀ ਮਿਲੀ ਹੈ। ਮੈਂ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਤੁਰੰਤ ਐਫ.ਆਈ.ਆਰ. ਦਰਜ ਕਰਨ ਅਤੇ ਦੋਸ਼ੀਆਂ ਨੂੰ ਲੱਭ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਸਮਾਜ ਦੇ ਹਿੱਤ ਲਈ ਬੇਹੱਦ ਜ਼ਰੂਰੀ ਹੈ।’
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਮਗਰੋਂ ਐਕਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।