ਜਿੱਤ ਦੀ ਲੈਅ ''ਤੇ ਪਰਤੇਗੀ ਮੁੰਬਈ ਇੰਡੀਅਨਜ਼!

04/12/2018 12:24:22 AM

ਹੈਦਰਾਬਾਦ— ਆਪਣੇ ਪਹਿਲੇ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਕੋਲੋਂ ਹਾਰ ਚੁੱਕੀ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਘਰ ਹੋਣ ਵਾਲੇ ਆਈ. ਪੀ. ਐੱਲ.-11 ਦੇ ਮੈਚ 'ਚ ਜਿੱਤ ਦੀ ਲੈਅ ਹਾਸਲ ਕਰਨ ਉਤਰੇਗੀ। 
ਮੁੰਬਈ ਦੀ ਟੂਰਨਾਮੈਂਟ 'ਚ ਆਪਣੇ ਘਰ ਵਾਨਖੇੜੇ ਸਟੇਡੀਅਮ 'ਚ ਖਰਾਬ ਸ਼ੁਰੂਆਤ ਹੋਈ ਅਤੇ ਉਸ ਨੂੰ ਚੇਨਈ ਹੱਥੋਂ 1 ਗੇਂਦ ਬਾਕੀ ਰਹਿੰਦਿਆਂ ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਸਰੇ ਪਾਸੇ ਹੈਦਰਾਬਾਦ ਨੇ ਆਪਣੇ ਮੈਦਾਨ 'ਚ ਰਾਜਸਥਾਨ ਰਾਇਲਜ਼ ਨੂੰ ਇਕਤਰਫਾ ਅੰਦਾਜ਼ 'ਚ 25 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਦੇ ਸੀਮਤ ਓਵਰਾਂ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਟੀਮ ਕੋਲ ਚੇਨਈ ਖਿਲਾਫ ਜਿੱਤ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਡਵੇਨ ਬ੍ਰਾਵੋ ਦੇ ਹਮਲਿਆਂ ਸਾਹਮਣੇ ਮੁੰਬਈ ਨੇ ਇਹ ਮੌਕਾ ਗੁਆ ਦਿੱਤਾ। ਮੁੰਬਈ ਨੂੰ ਹੁਣ ਹੈਦਰਾਬਾਦ ਖਿਲਾਫ ਵਾਪਸੀ ਕਰਦੇ ਸਮੇਂ ਪਿਛਲੀਆਂ ਗਲਤੀਆਂ ਤੋਂ ਬਚਣਾ ਹੋਵੇਗਾ। ਰੋਹਿਤ ਜਾਣਦਾ ਹੈ ਕਿ ਹੈਦਰਾਬਾਦ ਦੀ ਟੀਮ ਆਪਣੇ ਘਰ 'ਚ ਖਾਸੀ ਮਜ਼ਬੂਤ ਹੈ। ਜਿਸ ਤਰ੍ਹਾਂ ਉਸ ਨੇ ਰਾਜਸਥਾਨ ਨੂੰ ਹਰਾਇਆ, ਉਸ ਤੋਂ ਦੂਸਰੀਆਂ ਟੀਮਾਂ ਨੂੰ ਖਤਰੇ ਦਾ ਸੰਕੇਤ ਮਿਲ ਗਿਆ ਹੋਵੇਗਾ। 
ਰੋਹਿਤ ਲਈ ਆਪਣੀ ਫਾਰਮ 'ਚ ਵਾਪਸੀ ਬਹੁਤ ਜ਼ਰੂਰੀ ਹੈ। ਉਹ ਪਹਿਲੇ ਮੈਚ 'ਚ 15 ਦੌੜਾਂ ਹੀ ਬਣਾ ਸਕਿਆ। ਉਸ ਨੇ ਬੰਗਲਾਦੇਸ਼ 'ਚ ਖੇਡੀ ਗਈ ਨਿਦਹਾਸ ਟਰਾਫੀ ਵਿਚ 2 ਮੈਚਾਂ ਵਿਚ 89 ਅਤੇ 56 ਦੌੜਾਂ ਬਣਾਈਆਂ ਸਨ। ਇਨ੍ਹਾਂ ਅਰਧ-ਸੈਂਕੜਾ ਪਾਰੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਰੋਹਿਤ ਦੇ ਪ੍ਰਦਰਸ਼ਨ 'ਚ ਪਿਛਲੇ ਕੁਝ ਸਮੇਂ ਵਿਚ ਲਗਾਤਾਰਤਾ ਦੀ ਘਾਟ ਰਹੀ ਹੈ। ਰੋਹਿਤ ਨੂੰ ਆਪਣੀ ਟੀਮ ਨੂੰ ਪਟੜੀ 'ਤੇ ਲਿਆਉਣ ਲਈ ਚੋਟੀਕ੍ਰਮ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। 
ਮੁੰਬਈ ਕੋਲ ਚੋਟੀਕ੍ਰਮ 'ਚ ਜ਼ਿਆਦਾ ਸਟਾਰ ਬੱਲੇਬਾਜ਼ ਨਹੀਂ ਹਨ। ਮੁੰਬਈ ਦੀ ਟੀਮ ਇਸ਼ਾਨ ਕਿਸ਼ਨ, ਸੂਰਯਾ ਕੁਮਾਰ ਯਾਦਵ, ਹਾਰਦਿਕ ਪੰਡਯਾ ਅਤੇ ਕੁਣਾਲ ਪੰਡਯਾ ਦੇ ਭਰੋਸੇ ਵੱਡਾ ਸਕੋਰ ਨਹੀਂ ਬਣਾ ਸਕਦੀ। ਇਸ ਲਈ ਰੋਹਿਤ ਨੂੰ ਮੈਦਾਨ 'ਚ ਘੱਟੋ-ਘੱਟ 15 ਓਵਰ ਟਿਕਣਾ ਹੋਵੇਗਾ ਤਾਂ ਹੀ ਟੀਮ ਚੁਣੌਤੀਪੂਰਨ ਸਕੋਰ ਬਣਾ ਸਕੇਗੀ।   ਦੂਸਰੇ ਪਾਸੇ ਹੈਦਰਾਬਾਦ ਕੋਲ ਚੋਟੀਕ੍ਰਮ 'ਚ ਕਈ ਵਧੀਆ ਬੱਲੇਬਾਜ਼ ਹਨ, ਜੋ ਵੱਡੇ ਸਕੋਰ ਵੀ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਵੀ ਕਰ ਸਕਦੇ ਹਨ। ਸ਼ਿਖਰ ਧਵਨ, ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਅਤੇ ਮਨੀਸ਼ ਪਾਂਡੇ ਇਸ ਤਰ੍ਹਾਂ ਦੇ ਬੱਲੇਬਾਜ਼ ਹਨ, ਜੋ ਕਿਸੇ ਵੀ ਗੇਂਦਬਾਜ਼ ਦੀਆਂ ਧੱਜੀਆਂ ਉਡਾ ਸਕਦੇ ਹਨ। ਹੈਦਰਾਬਾਦ ਕੋਲ ਭੁਵਨੇਸ਼ਵਰ ਕੁਮਾਰ, ਕੰਜੂਸ ਸ਼ਾਕਿਬ ਅਲ ਹਸਨ, ਦੁਨੀਆ ਦਾ ਨੰਬਰ ਇਕ ਟੀ-20 ਗੇਂਦਬਾਜ਼ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਦੇ ਰੂਪ 'ਚ ਬੇਹੱਦ ਮਜ਼ਬੂਤ ਗੇਂਦਬਾਜ਼ੀ ਹਮਲਾ ਹੈ। ਇਨ੍ਹਾਂ ਤੋਂ ਪਾਰ ਪਾਉਣ ਲਈ ਰੋਹਿਤ ਐਂਡ ਕੰਪਨੀ ਨੂੰ ਸਖਤ ਮਿਹਨਤ ਕਰਨੀ ਪਵੇਗੀ। ਆਈ. ਪੀ. ਐੱਲ.-11 'ਚ ਹੁਣ ਤੱਕ ਹੈਦਰਾਬਾਦ-ਰਾਜਸਥਾਨ ਦੇ ਮੈਚ ਨੂੰ ਛੱਡ ਕੇ ਬਾਕੀ ਸਾਰੇ ਮੁਕਾਬਲੇ ਨੇੜਲੇ ਰਹੇ ਹਨ। ਉਮੀਦ ਹੈ ਕਿ ਮੁੰਬਈ ਹੈਦਰਾਬਾਦ ਦਾ ਮੁਕਾਬਲਾ ਵੀ ਸੰਘਰਸ਼ਪੂਰਨ ਹੋਵੇਗਾ।


Related News