ਈਸ਼ਾ ਤੇ ਅਨੀਸ਼ ਨੇ ਓਲੰਪਿਕ ਚੋਣ ਟ੍ਰਾਇਲ ’ਚ ਦੂਜੀ ਜਿੱਤ ਦਰਜ ਕੀਤੀ
Monday, May 13, 2024 - 03:27 PM (IST)
ਨਵੀਂ ਦਿੱਲੀ/ਭੋਪਾਲ, (ਭਾਸ਼ਾ)– ਈਸ਼ਾ ਸਿੰਘ ਤੇ ਅਨੀਸ਼ ਭਾਨਵਾਲਾ ਨੇ ਐਤਵਾਰ ਨੂੰ ਇੱਥੇ ਕ੍ਰਮਵਾਰ ਮਹਿਲਾ 25 ਮੀਟਰ ਪਿਸਟਲ ਤੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਟ੍ਰਾਇਲ ਜਿੱਤ ਕੇ ਓਲੰਪਿਕ ਚੋਣ ਟ੍ਰਾਇਲਾਂ ਵਿਚ ਦੂਜੀ ਜਿੱਤ ਦਰਜ ਕੀਤੀ। ਅਨੀਸ਼ ਨੇ ਦਿੱਲੀ ਵਿਚ ਇਸ ਪ੍ਰਤੀਯੋਗਿਤਾ ਦਾ ਪਹਿਲਾ ਟ੍ਰਾਇਲ ਜਿੱਤਿਆ ਸੀ ਜਦਕਿ ਈਸ਼ਾ ਨੇ ਵੀ ਦਿੱਲੀ ਵਿਚ ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਵਿਚ ਮਹਿਲਾ 10 ਮੀਟਰ ਏਅਰ ਪਿਸਟਲ ਦੇ ਦੂਜੇ ਟ੍ਰਾਇਲ ਵਿਚ ਜਿੱਤ ਦਰਜ ਕੀਤੀ ਸੀ।
ਮੱਧ ਪ੍ਰਦੇਸ਼ ਰਾਜ ਨਿਸ਼ਾਨੇਬਾਜ਼ੀ ਅਕੈਡਮੀ ਰੇਂਜ ਵਿਚ ਈਸ਼ਾ ਨੇ ਮਹਿਲਾ 25 ਮੀਟਰ ਪਿਸਟਲ ਟ੍ਰਾਇਲ ਵਿਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਫਾਈਨਲ ਵਿਚ 43 ਅੰਕ ਹਾਸਲ ਕੀਤੇ। ਉਸਦਾ ਸਕੋਰ ਇਸੇ ਮਹੀਨੇ ਬਾਕੂ ਵਿਸ਼ਵ ਕੱਪ ਵਿਚ ਕੋਰੀਐ ਦੀ ਕਿਮ ਯੇਜੀ ਦੇ ਵਿਸ਼ਵ ਰਿਕਾਰਡ ਸਕੋਰ ਤੋਂ ਇਕ ਅੰਕ ਵੱਧ ਹੈ। ਮਨੂ ਭਾਕਰ 40 ਨਿਸ਼ਾਨੇ ਲਾ ਕੇ ਦੂਜੇ ਸਥਾਨ ’ਤੇ ਰਹੀ ਜਦਕਿ ਰਿਧਮ ਸਾਂਗਵਨ ਨੇ 33 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਿਮਰਨਪ੍ਰੀਤ ਕੌਰ ਬਰਾੜ ਤੇ ਅਭਿਦਨਯਾ ਪਾਟਿਲ ਨੇ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ।
ਪੁਰਸ਼ ਰੈਪਿਡ ਫਾਇਰ ਪਿਸਟਲ ਫਾਈਨਲ ਵਿਚ ਅਨੀਸ਼ ਨੇ ਦਬਦਬਾ ਬਣਾਇਆ। ਉਸ ਨੇ 5 ਨਿਸ਼ਾਨਿਆਂ ਦੀ ਸ਼ੁਰੂਆਤ ਤਿੰਨ ਸੀਰੀਜ਼ ਵਿਚ ਸਾਰੇ ਸਟੀਕ ਨਿਸ਼ਾਨੇ ਲਾ ਕੇ ਕੀਤੀ। ਉਸ ਨੇ 36 ਅੰਕਾਂ ਨਾਲ ਖਿਤਾਬ ਜਿੱਤਿਆ। ਵਿਜਯਵੀਰ ਸਿੱਧੂ 31 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਅੰਕੁਰ ਗੋਇਲ ਨੇ 19 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਆਦਰਸ਼ ਸਿੰਘ ਤੇ ਭਾਵੇਸ਼ ਸ਼ੇਖਾਵਤ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ। ਇਹ ਸਾਰੇ 10 ਨਿਸ਼ਾਨੇਬਾਜ਼ ਸੋਮਵਾਰ ਨੂੰ ਓਲੰਪਿਕ ਚੋਣ ਟ੍ਰਾਇਲ ਦੇ ਚੌਥੇ ਤੇ ਆਖਰੀ ਟ੍ਰਾਇਲ ਵਿਚ ਹਿੱਸਾ ਲੈਣਗੇ।