IPL 2024 : ਲਖਨਊ ਤੇ ਮੁੰਬਈ ਦੇ ਮੁਕਾਬਲੇ ’ਚ ਨਜ਼ਰਾਂ ਰਾਹੁਲ ’ਤੇ
Monday, Apr 29, 2024 - 06:48 PM (IST)
ਲਖਨਊ, (ਭਾਸ਼ਾ)– ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਕੇ. ਐੱਲ. ਰਾਹੁਲ ਲਈ ਦੂਜੇ ਵਿਕਟਕੀਪਰ ਦੇ ਰੂਪ ਵਿਚ ਚੋਣ ਦਾ ਦਾਅਵਾ ਪੁਖਤਾ ਕਰਨ ਦਾ ਇਕ ਹੋਰ ਮੌਕਾ ਹੋਵੇਗਾ ਜਦੋਂ ਉਸਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਟੀ-20 ਮੈਚ ਵਿਚ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਖੇਡੇਗੀ।
ਟੀ-20 ਕ੍ਰਿਕਟ ਵਿਚ ਰਾਹੁਲ ਦੀ ਸਟ੍ਰਾਈਕ ਰੇਟ ਚਿੰਤਾ ਦਾ ਵਿਸ਼ਾ ਰਹੀ ਹੈ। ਪਾਵਰਪਲੇਅ ਵਿਚ ਫੀਲਡਿੰਗ ਪਾਬੰਦੀਆਂ ਦੇ ਬਾਵਜੂਦ ਰਾਹੁਲ ਆਈ. ਪੀ.ਐੱਲ. ਵਿਚ ਹੌਲੀ ਸ਼ੁਰੂਆਤ ਕਰਦਾ ਆਇਆ ਹੈ। ਉਸ ਨੇ ਹਾਲਾਂਕਿ ਇਸ ਸੈਸ਼ਨ ਵਿਚ ਇਸ ਵਿਚ ਬਦਲਾਅ ਕੀਤਾ ਹੈ। ਅਜੇ ਤਕ ਉਹ 2024 ਸੈਸ਼ਨ ਵਿਚ 144.27 ਦੀ ਔਸਤ ਨਾਲ 378 ਦੌੜਾਂ ਬਣਾ ਚੁੱਕਾ ਹੈ। ਵੈਸੇ ਰਿਸ਼ਭ ਪੰਤ ਦੀ ਸਟ੍ਰਾਈਕ ਰੇਟ 160.70 ਤੇ ਸੰਜੂ ਸੈਮਸਨ ਦੀ 161.08 ਰਹੀ ਹੈ। ਪੰਤ ਦੀ ਜਗ੍ਹਾ ਟੀ-20 ਵਿਸ਼ਵ ਕੱਪ ਟੀਮ ਵਿਚ ਲੱਗਭਗ ਪੱਕੀ ਹੋ ਚੁੱਕੀ ਹੈ ਕਿਉਂਕਿ ਵਿਕਟਕੀਪਿੰਗ ਤੇ ਬੱਲੇਬਾਜ਼ੀ ਦੋਵਾਂ ਵਿਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਉੱਥੇ ਹੀ, ਰਾਜਸਥਾਨ ਰਾਇਲਜ਼ ਲਈ ਹਮਲਾਵਰ ਪਾਰੀਆਂ ਖੇਡ ਕੇ ਸੰਜੂ ਨੇ ਵੀ ਆਪਣਾ ਦਾਅਵਾ ਮਜ਼ਬੂਤੀ ਨਾਲ ਰੱਖਿਆ ਹੈ। ਅਜਿਹੇ ਵਿਚ ਰਾਹੁਲ ਨੂੰ ਵਧੇਰੇ ਹਮਲਾਵਰ ਹੋ ਕੇ ਖੇਡਣਾ ਪਵੇਗਾ ਤਾਂ ਕਿ ਉਸਦੀ ਟੀਮ ਵੱਡਾ ਸਕੋਰ ਬਣਾ ਸਕੇ ਤੇ ਉਹ ਵੀ ਆਪਣਾ ਦਾਅਵਾ ਮਜ਼ਬੂਤ ਕਰ ਸਕੇ।
ਲਖਨਊ ਨੂੰ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ। ਹੁਣ ਕਵਿੰਟਨ ਡੀ ਕੌਕ, ਮਾਰਕਸ ਸਟੋਇੰਸ ਤੇ ਨਿਕੋਲਸ ਪੂਰਨ ’ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਸਾਹਮਣੇ ਮੁੰਬਈ ਦਾ ਗੇਂਦਬਾਜ਼ੀ ਹਮਲਾ ਹੈ, ਜਿਸ ਨੂੰ ਦਿੱਲੀ ਕੈਪੀਟਲਸ ਦੇ ਬੱਲੇਬਾਜ਼ਾਂ ਨੇ ਐਤਵਾਰ ਨੂੰ ਮੈਦਾਨ ਦੇ ਚਾਰੇ ਪਾਸੇ ਚਿੱਤ ਕਰ ਦਿੱਤਾ ਸੀ। ਨੌਜਵਾਨ ਜੈਕ ਫ੍ਰੇਜ਼ਰ ਮੈਕਗੁਰਕ ਦੀਆਂ ਸ਼ਾਟਾਂ ਦਾ ਮੁੰਬਈ ਦੇ ਗੇਂਦਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਜਸਪ੍ਰੀਤ ਬੁਮਰਾਹ ਵਰਗੇ ਵਿਸ਼ਵ ਪੱਧਰੀ ਗੇਂਦਬਾਜ਼ ਨੇ ਵੀ 19 ਦੌੜਾਂ ਪਹਿਲੇ ਓਵਰ ਵਿਚ ਦੇ ਦਿੱਤੀਆਂ ਸਨ। ਲਿਊਕ ਵੁੱਡ ਤੇ ਹਾਰਦਿਕ ਪੰਡਯਾ ਤਾਂ ਕਾਫੀ ਮਹਿੰਗੇ ਸਾਬਤ ਹੋਏ। ਮੁੰਬਈ ਦੀ ਟੀਮ ਅੰਕ ਸੂਚੀ ਵਿਚ 9ਵੇਂ ਸਥਾਨ ’ਤੇ ਹੈ ਤੇ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਸਾਰੇ ਮੈਚ ਜਿੱਤਣੇ ਪੈਣਗੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਟੀ-20 ਵਿਚ ਨੰਬਰ ਇਕ ਬੱਲੇਬਾਜ਼ ਸੂਰਯਕੁਮਾਰ ਤੋਂ ਸ਼ਾਨਦਾਰ ਪਾਰੀਆਂ ਦੀ ਉਮੀਦ ਹੋਵੇਗੀ। ਇਸ ਸੈਸ਼ਨ ਵਿਚ ਬੱਲੇ ਤੇ ਗੇਂਦ ਦੋਵਾਂ ਨਾਲ ਅਸਫਲ ਰਹੇ ਹਾਰਦਿਕ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਲਈ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।