IND vs AUS : ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

Friday, Mar 08, 2019 - 11:39 PM (IST)

IND vs AUS : ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

ਰਾਂਚੀ(ਭਾਸ਼ਾ)—ਵਿਰਾਟ ਕੋਹਲੀ ਨੇ ਫਿਰ ਤੋਂ ਸ਼ਾਨਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕਰ ਕੇ ਵਨ ਡੇ 'ਚ 41ਵਾਂ ਸੈਂਕੜਾ ਲਾਇਆ ਪਰ ਪਹਿਲਾਂ ਸਪਿਨਰਾਂ ਦੀ ਨਾਕਾਮੀ ਤੇ ਬਾਅਦ ਵਿਚ ਬਾਕੀ ਬੱਲੇਬਾਜ਼ਾਂ ਦੀ ਢਿੱਲ ਭਾਰਤ ਨੂੰ ਭਾਰੀ ਪਈ ਤੇ ਉਸ ਨੂੰ ਆਸਟਰੇਲੀਆ  ਹੱਥੋਂ ਤੀਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ ਸ਼ੁੱਕਰਵਾਰ ਇਥੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕੋਹਲੀ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਲਾਇਆ। ਉਸ ਨੇ 95 ਗੇਂਦਾਂ 'ਚ 123 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿਚ 16 ਚੌਕੇ ਤੇ ਇਕ ਛੱਕਾ ਸ਼ਾਮਲ ਸੀ ਪਰ ਉਸ ਨੂੰ ਦੂਜੇ ਪਾਸੇ ਤੋਂ ਕਿਸੇ ਵੀ ਬੱਲੇਬਾਜ਼ ਦਾ ਸਹਿਯੋਗ ਨਹੀਂ ਮਿਲਿਆ ਤੇ 314 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ 48.2 ਓਵਰਾਂ ਵਿਚ 281 ਦੌੜਾਂ 'ਤੇ ਆਊਟ ਹੋ ਗਈ। ਕੋਹਲੀ ਨੇ ਆਪਣੀ ਪਾਰੀ ਦੌਰਾਨ ਕਪਤਾਨ ਦੇ ਰੂਪ ਵਿਚ ਵਨ ਡੇ 'ਚ 4000 ਦੌੜਾਂ ਵੀ ਪੂਰੀਆਂ ਕੀਤੀਆਂ। 
PunjabKesari

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪੰਜ ਵਿਕਟਾਂ 'ਤੇ 313 ਦੌੜਾਂ ਬਣਾਈਆਂ ਸਨ। ਉਸ ਵਲੋਂ ਉਸਮਾਨ ਖਵਾਜਾ (113 ਗੇਂਦਾਂ 'ਤੇ 104 ਦੌੜਾਂ) ਨੇ ਵਨ ਡੇ ਵਿਚ ਆਪਣਾ ਪਹਿਲਾ ਸੈਂਕੜਾ ਲਾਇਆ ਤੇ ਆਰੋਨ ਫਿੰਚ (99 ਗੇਂਦਾਂ 'ਤੇ 93 ਦੌੜਾਂ) ਦੇ ਨਾਲ ਪਹਿਲੀ ਵਿਕਟ ਲਈ 193 ਦੌੜਾਂ ਜੋੜੀਆਂ। ਗਲੇਨ ਮੈਕਸਵੈੱਲ ਨੇ ਵੀ 31 ਗੇਂਦਾਂ 'ਤੇ 47 ਦੌੜਾਂ ਬਣਾ ਕੇ ਉਪਯੋਗੀ ਯੋਗਦਾਨ ਦਿੱਤਾ। ਮਾਰਕਸ ਸਟੋਇੰਸ (ਅਜੇਤੂ 31) ਤੇ ਐਲੇਕਸ ਕੈਰੀ (ਅਜੇਤੂ 21) ਨੇ ਛੇਵੀਂ ਵਿਕਟ ਲਈ 50 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। 
ਭਾਰਤ ਪਹਿਲੇ ਦੋ ਮੈਚਾਂ ਵਿਚ ਜਿੱਤ ਦਰਜ ਕਰ ਕੇ ਲੜੀ 'ਚ ਅਜੇਤੂ ਬੜ੍ਹਤ ਹਾਸਲ ਕਰਨ ਲਈ ਉਤਰਿਆ ਸੀ ਪਰ ਆਸਟਰੇਲੀਆ ਨੇ ਪੰਜ ਮੈਚਾਂ ਦੀ ਲੜੀ ਨੂੰ ਜਿਊਂਦਾ ਰੱਖਿਆ।  
ਇਸ ਮੈਚ 'ਚ ਭਾਰਤ ਲਈ ਵਿਸ਼ਵ ਕੱਪ ਤੋਂ ਪਹਿਲਾਂ ਚੋਟੀਕ੍ਰਮ ਦੀ ਅਸਫਲਤਾ ਨੂੰ ਲੈ ਕੇ ਥੋੜ੍ਹੀ ਪ੍ਰੇਸ਼ਾਨੀ ਵਧ ਗਈ ਹੈ।

 


author

Tarsem Singh

Content Editor

Related News