ਮੋਰੱਕੋ ਨੇ ਬ੍ਰਾਜ਼ੀਲ ''ਤੇ ਦਰਜ ਕੀਤੀ ਇਤਿਹਾਸਕ ਜਿੱਤ
Monday, Mar 27, 2023 - 01:27 PM (IST)
ਟੈਂਜੀਅਰ : ਸੂਫੀਆਨ ਬੋਫਲ ਅਤੇ ਅਬਦੇਲਹਾਮਿਦ ਸਾਬੀਰੀ ਨੇ ਮੋਰੱਕੋ ਲਈ ਗੋਲ ਕਰਕੇ ਇੱਕ ਫੁੱਟਬਾਲ ਦੋਸਤਾਨਾ ਮੈਚ ਵਿੱਚ ਬ੍ਰਾਜ਼ੀਲ ਉੱਤੇ 2-1 ਦੀ ਇਤਿਹਾਸਕ ਜਿੱਤ ਦਰਜ ਕੀਤੀ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਖਿਲਾਫ ਮੋਰੱਕੋ ਦੀ ਇਹ ਪਹਿਲੀ ਜਿੱਤ ਸੀ।
ਲਗਭਗ 65,000 ਫੁੱਟਬਾਲ ਪ੍ਰਸ਼ੰਸਕਾਂ ਨਾਲ ਭਰੇ ਇਬਨੇ ਬਤੂਤਾ ਸਟੇਡੀਅਮ 'ਚ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਬੌਫਲ ਨੇ 29ਵੇਂ ਮਿੰਟ 'ਚ ਬਾਕਸ ਦੇ ਅੰਦਰੋਂ ਗੋਲ ਕਰਕੇ ਮੋਰੱਕੋ ਨੂੰ ਬੜ੍ਹਤ ਦਿਵਾਈ। ਬ੍ਰਾਜ਼ੀਲ ਲਈ ਕਾਸੇਮੀਰੋ ਨੇ 67ਵੇਂ ਮਿੰਟ 'ਚ ਗੋਲ ਕਰਕੇ ਬਰਾਬਰੀ ਕਰ ਦਿੱਤੀ। ਅਖੀਰ ਵਿੱਚ, ਬਦਲਵੇਂ ਖਿਡਾਰੀ ਸਾਬੀਰੀ ਨੇ 79ਵੇਂ ਮਿੰਟ ਵਿੱਚ ਗੋਲ ਕੀਤਾ ਜੋ ਮੋਰੱਕੋ ਦੀ ਜਿੱਤ ਲਈ ਫੈਸਲਾਕੁੰਨ ਸਾਬਤ ਹੋਇਆ।
ਫੀਫਾ ਵਿਸ਼ਵ ਕੱਪ 2022 ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਮੋਰੱਕੋ ਦਾ ਘਰ ਵਿੱਚ ਇਹ ਪਹਿਲਾ ਮੈਚ ਸੀ, ਜਿੱਥੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਯਾਦਗਾਰ ਜਿੱਤ ਦਾ ਤੋਹਫ਼ਾ ਦਿੱਤਾ। ਜ਼ਿਕਰਯੋਗ ਹੈ ਕਿ ਮੋਰੋਕੋ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਸੀ। ਉਨ੍ਹਾਂ ਨੇ ਆਪਣੀ ਯਾਦਗਾਰੀ ਮੁਹਿੰਮ 'ਚ ਬੈਲਜੀਅਮ, ਸਪੇਨ ਅਤੇ ਪੁਰਤਗਾਲ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾ ਕੇ ਫੁੱਟਬਾਲ ਜਗਤ 'ਚ ਹਲਚਲ ਮਚਾ ਦਿੱਤੀ ਸੀ।