ਸ਼ੰਮੀ ਨੂੰ ਸੈਮੀਫਾਈਨਲ ਤੋਂ ਬਾਹਰ ਰੱਖਣ ''ਤੇ ਉੱਠੇ ਸਵਾਲ

07/09/2019 5:26:24 PM

ਮੈਨਚੈਸਟਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ.ਸੀ.ਸੀ. ਵਰਲਡ ਕੱਪ ਦੇ ਮੰਗਲਵਾਰ ਨੂੰ ਨਿਊਜ਼ੀਲੈਂਡ ਖਿਲਾਫ ਮਹੱਤਵਪੂਰਨ ਸੈਮੀਫਾਈਨਲ ਲਈ ਸ਼ਾਨਦਾਰ ਫਾਰਮ 'ਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਅੰਤਿਮ ਗਿਆਰਾਂ ਤੋਂ ਬਾਹਰ ਰੱਖਣ ਦਾ ਹੈਰਾਨ ਕਰਨ ਵਾਲਾ ਫੈਸਲਾ ਕੀਤਾ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸਵਾਲ ਉਠੇ ਹਨ। ਮੈਨਚੈਸਟਰ ਦੇ ਓਲਡ ਟ੍ਰੈਫਰਡ 'ਚ ਭਾਰਤ ਅਤੇ ਨਿਊਜ਼ੀਲੈਂਡ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਵਿਰਾਟ ਨੇ ਆਖਰੀ ਗਿਆਰਾਂ 'ਚ ਸਿਰਫ ਇਕ ਬਦਲਾਅ ਕਰਦੇ ਹੋਏ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜਗ੍ਹਾ ਯੁਜਵੇਂਦਰ ਚਾਹਲ ਨੂੰ ਉਤਾਰਿਆ, ਪਰ ਕਮਾਲ ਦੀ ਫਾਰਮ 'ਚ ਚਲ ਰਹੇ ਤੇਜ਼ ਗੇਂਦਬਾਜ਼ ਸ਼ੰਮੀ ਨੂੰ ਇਸ ਮੈਚ ਲਈ ਬਾਹਰ ਰੱਖਿਆ ਗਿਆ। ਇਹ ਫੈਸਲਾ ਬਹੁਤ ਹੈਰਾਨ ਕਰਨ ਵਾਲਾ ਹੈ।
PunjabKesari
ਮੈਚ ਤੋਂ ਪਹਿਲਾਂ ਤਕ ਸ਼ੰਮੀ ਦੇ ਆਖਰੀ ਗਿਆਰਾਂ 'ਚ ਖੇਡਣ ਦੀ ਪੂਰੀ ਉਮੀਦ ਸੀ ਪਰ ਟੀਮ ਪ੍ਰਬੰਧਨ ਅਤੇ ਕਪਤਾਨ ਵਿਰਾਟ ਕੋਹਲੀ ਨੇ ਭੁਵਨੇਸ਼ਵਰ ਨੂੰ ਟੀਮ 'ਚ ਬਰਕਰਾਰ ਰਖਿਆ। ਭੁਵਨੇਸ਼ਵਰ ਸ਼੍ਰੀਲੰਕਾ ਖਿਲਾਫ ਪਿਛਲੇ ਮੈਚ 'ਚ ਖੇਡੇ ਸਨ ਜਦਕਿ ਸ਼ੰਮੀ ਪਿਛਲੇ ਮੈਚ 'ਚ ਟੀਮ 'ਚ ਸ਼ਾਮਲ ਨਹੀਂ ਸਨ। ਇਹ ਫੈਸਲਾ ਬਹੁਤ ਹੀ ਹੈਰਾਨੀਜਨਕ ਹੈ ਕਿਉਂਕਿ ਗਰੁੱਪ ਪੜਾਅ 'ਚ ਸ਼ੰਮੀ ਨੇ ਸਿਰਫ ਚਾਰ ਮੈਚਾਂ 'ਚ ਖੁਦ ਨੂੰ ਸਾਬਤ ਕਰਦੇ ਹੋਏ 5.48 ਦੇ ਇਕਨਾਮੀ ਰੇਟ ਨਾਲ 14 ਵਿਕਟਾਂ ਕੱਢੀਆਂ ਅਤੇ ਟੀਮ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ। ਉਨ੍ਹਾਂ ਤੋਂ ਅੱਗੇ ਜਸਪ੍ਰੀਤ ਬੁਮਰਾਹ ਹਨ ਜਿਨ੍ਹਾਂ ਦੀਆਂ ਇਸ ਮੈਚ ਤੋਂ ਪਹਿਲਾਂ ਅੱਠ ਗਰੁੱਪ ਮੈਚਾਂ 'ਚ 17 ਵਿਕਟਾਂ ਹਨ। 
PunjabKesari
29 ਸਾਲਾਂ ਦੇ ਸ਼ੰਮੀ ਇਸੇ ਦੇ ਨਾਲ ਵਰਲਡ ਕੱਪ 'ਚ ਹੈਟ੍ਰਿਕ ਲੈਣ ਵਾਲੇ ਵੀ ਸਿਰਫ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਿਰਫ ਚੇਤਨ ਸ਼ਰਮਾ ਦੇ ਨਾਂ ਇਹ ਉਪਲਬਧੀ ਦਰਜ ਸੀ। ਸ਼ੰਮੀ ਨੇ ਅਫਗਾਨਿਸਤਾਨ ਖਿਲਾਫ ਚੁਣੌਤੀਪੂਰਨ ਮੁਕਾਬਲੇ 'ਚ ਆਖ਼ਰੀ ਓਵਰ 'ਚ ਗੇਂਦਬਾਜ਼ੀ ਕਰਦੇ ਹੋਏ ਹੈਟ੍ਰਿਕ ਲਈ ਸੀ ਜਦਕਿ ਇੰਗਲੈਂਡ ਖਿਲਾਫ ਉਨ੍ਹਾਂ ਨੇ ਪੰਜ ਵਿਕਟਾਂ ਕੱਢੀਆਂ ਸਨ। ਸ਼ੰਮੀ ਨੂੰ ਬਾਹਰ ਰੱਖਣ 'ਤੇ ਸੋਸ਼ਲ ਮੀਡੀਆ 'ਤੇ ਗਰਮਾ ਗਰਮ ਬਹਿਸ ਚਲ ਰਹੀ ਹੈ ਕਿ ਅਜਿਹੇ ਖਿਡਾਰੀ ਨੂੰ ਕਿਵੇਂ ਬਾਹਰ ਰਖਿਆ ਜਾ ਸਕਦਾ ਹੈ ਜਿਸ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ੰਮੀ ਨੇ ਬੰਗਲਾਦੇਸ਼ ਖਿਲਾਫ ਆਪਣੇ ਪਿਛਲੇ ਮੁਕਾਬਲੇ 'ਚ 68 ਦੌੜਾਂ ਦੇ ਕੇ ਇਕ ਵਿਕਟ ਲਈ ਸੀ ਜਦਕਿ ਭੁਵਨੇਸ਼ਵਰ ਨੇ ਸ਼੍ਰੀਲੰਕਾ ਖਿਲਾਫ ਪਿਛਲੇ ਮੁਕਾਬਲੇ 'ਚ 73 ਦੌੜਾਂ ਲੁਟਾ ਕੇ ਇਕ ਵਿਕਟ ਲਈ ਸੀ। ਸੋਸ਼ਲ ਮੀਡੀਆ 'ਤੇ ਇਸੇ ਫਰਕ ਦੇ ਆਧਾਰ 'ਤੇ ਸਵਾਲ ਉੱਠ ਰਹੇ ਹਨ ਕਿ ਆਖਰ ਦੋਹਾਂ ਗੇਂਦਬਾਜ਼ਾਂ 'ਚ ਇੰਨਾ ਫਰਕ ਹੈ ਤਾਂ ਆਖਰੀ ਚੋਣ 'ਚ ਸ਼ੰਮੀ ਨਜ਼ਰਅੰਦਾਜ਼ ਕਿਵੇਂ ਹੋ ਸਕਦੇ ਹਨ।


Tarsem Singh

Content Editor

Related News