ਲੋਕੇਸ਼ ਰਾਹੁਲ ਨੂੰ ਫਿਟਕਾਰ ਲਾਉਣ ਵਾਲੇ ਗੋਯਨਕਾ ’ਤੇ ਵਰ੍ਹੇ ਸ਼ੰਮੀ, ਆਖੀਆਂ ਇਹ ਗੱਲਾਂ

Saturday, May 11, 2024 - 11:02 AM (IST)

ਲੋਕੇਸ਼ ਰਾਹੁਲ ਨੂੰ ਫਿਟਕਾਰ ਲਾਉਣ ਵਾਲੇ ਗੋਯਨਕਾ ’ਤੇ ਵਰ੍ਹੇ ਸ਼ੰਮੀ, ਆਖੀਆਂ ਇਹ ਗੱਲਾਂ

ਨਵੀਂ ਦਿੱਲੀ- ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਭਾਰਤੀ ਟੀਮ ਦੇ ਆਪਣੇ ਸਾਥੀ ਖਿਡਾਰੀ ਕੇ. ਐੱਲ. ਰਾਹੁਲ ’ਤੇ ਜਨਤਕ ਤੌਰ ’ਤੇ ਭੜਾਸ ਕੱਢਣ ਵਾਲੇ ਸੰਜੀਵ ਗੋਯਨਕਾ ’ਤੇ ਵਰ੍ਹਦੇ ਹੋਏ ਕਿਹਾ ਕਿ ਲਖਨਊ ਸੁਪਰ ਜਾਇੰਟਸ ਟੀਮ ਦੀ ਹਾਰ ਤੋਂ ਬਾਅਦ ਟੀ. ਵੀ. ਕੈਮਰੇ ’ਤੇ ਉਸਦੇ ਮਾਲਕ ਦੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਲਈ ਖੇਡਾਂ ਵਿਚ ਕੋਈ ਜਗ੍ਹਾ ਨਹੀਂ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਲਖਨਊ ਦੀ 10 ਵਿਕਟਾਂ ਨਾਲ ਹਾਰ ਤੋਂ ਬਾਅਦ ਰਾਹੁਲ ’ਤੇ ਵਰ੍ਹਦੇ ਹੋਏ ਗੋਯਨਕਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਸ਼ੰਮੀ ਇਸ ’ਤੇ ਪ੍ਰਤੀਕਿਰਿਆ ਕਰਨ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਹੈ। ਸ਼ੰਮੀ ਨੇ ਕਿਹਾ,‘‘ਕਰੋੜਾਂ ਲੋਕ ਤੁਹਾਨੂੰ ਦੇਖ ਰਹੇ ਹਨ ਤੇ ਤੁਹਾਡੇ ਕੋਲੋਂ ਸਿੱਖ ਰਹੇ ਹਨ। ਜੇਕਰ ਕੈਮਰੇ ਦੇ ਸਾਹਮਣੇ ਇਹ ਚੀਜ਼ਾਂ ਹੁੰਦੀਆਂ ਹਨ ਅਤੇ ਸਕ੍ਰੀਨ ’ਤੇ ਅਜਿਹੀ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਹੈ ਤਾਂ ਇਹ ਸ਼ਰਮਨਾਕ ਹੈ।’’ ਉਸ ਨੇ ਕਿਹਾ, ‘‘ਤੁਹਾਡਾ ਇਕ ਦਾਇਰਾ ਹੋਣਾ ਚਾਹੀਦਾ ਹੈ ਗੱਲ ਕਰਨ ਦਾ, ਇਹ ਮੈਸੇਜ ਬਹੁਤ ਗਲਤ ਜਾਂਦਾ ਹੈ।’’
ਟੀ. ਵੀ. ਕੁਮੈਂਟੇਟਰ ਗ੍ਰੀਮ ਸਮਿਥ ਤੇ ਸਕਾਟ ਸਟਾਇਰਿਸ ਨੇ ਵੀ ਕਿਹਾ ਸੀ ਕਿ ਅਜਿਹੀਆਂ ਗੱਲਾਂ ਨਿੱਜੀ ਤੌਰ ’ਤੇ ਹੋਣੀਆਂ ਚਾਹੀਦੀਆਂ ਹਨ, ਕੈਮਰੇ ਦੇ ਸਾਹਮਣੇ ਨਹੀਂ। ਸ਼ੰਮੀ ਨੇ ਕਿਹਾ,‘‘ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਖਿਡਾਰੀਆਂ ਦਾ ਸਨਮਾਨ ਹੈ ਤੇ ਤੁਸੀਂ ਵੀ ਬਤੌਰ ਮਾਲਕ ਸਨਮਾਨਿਤ ਵਿਅਕਤੀ ਹੋ। ਅਜਿਹਾ ਨਹੀਂ ਹੈ ਕਿ ਤੁਸੀਂ ਅਚਾਨਕ ਗੱਲ ਕਰ ਰਹੇ ਹੋ। ਜੇਕਰ ਅਜਿਹਾ ਕਰਨਾ ਹੀ ਸੀ ਤਾਂ ਕਈ ਤਰੀਕੇ ਹਨ। ਤੁਸੀਂ ਡ੍ਰੈਸਿੰਗ ਰੂਮ ਜਾਂ ਟੀਮ ਹੋਟਲ ਵਿਚ ਅਜਿਹਾ ਕਰ ਸਕਦੇ ਸੀ। ਮੈਦਾਨ ’ਤੇ ਕਰਨਾ ਜ਼ਰੂਰੀ ਨਹੀਂ ਸੀ। ਅਜਿਹੀ ਪ੍ਰਤੀਕਿਰਿਆ ਦੇ ਕੇ ਤੁਸੀਂ ਕੋਈ ਲਾਲ ਕਿਲੇ ’ਤੇ ਝੰਡਾ ਨਹੀਂ ਚੜ੍ਹਾ ਦਿੱਤਾ। ’’
ਸੱਟ ਕਾਰਨ ਆਈ. ਪੀ. ਐੱਲ. ਦਾ ਇਹ ਸੈਸ਼ਨ ਨਾ ਖੇਡ ਰਹੇ ਸ਼ੰਮੀ ਨੇ ਕਿਹਾ, ‘‘ਉਹ ਕਪਤਾਨ ਹੈ, ਕੋਈ ਆਮ ਖਿਡਾਰੀ ਨਹੀਂ। ਇਹ ਟੀਮ ਦੀ ਖੇਡ ਹੈ। ਜੇਕਰ ਰਣਨੀਤੀ ਸਫਲ ਨਹੀਂ ਰਹੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਖੇਡ ਵਿਚ ਕੁਝ ਵੀ ਹੋ ਸਕਦਾ ਹੈ। ਚੰਗੇ ਤੇ ਬੁਰੇ ਦਿਨ ਆਉਂਦੇ ਹਨ ਤੇ ਹਰ ਖਿਡਾਰੀ ਦਾ ਸਨਮਾਨ ਹੁੰਦਾ ਹੈ। ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ।’’
ਉਸ ਨੇ ਕਿਹਾ,‘‘ਖੇਡ ਵਿਚ ਕਈ ਵਾਰ ਤਣਾਅ ਦੇ ਪਲ ਆਉਂਦੇ ਹਨ ਤੇ ਖਿਡਾਰੀ ਵੀ ਇਕ-ਦੂਜੇ ਨਾਲ ਲੜ ਪੈਂਦੇ ਹਨ। ਕ੍ਰਿਕਟ ਹੀ ਨਹੀਂ, ਹਰ ਖੇਡ ਵਿਚ ਅਜਿਹਾ ਹੁੰਦਾ ਹੈ। ਇਕ ਖਿਡਾਰੀ ਦਾ ਦੂਜੇ ਖਿਡਾਰੀ ਨਾਲ ਗੱਲ ਕਰਨਾ ਵੱਖ ਹੈ ਪਰ ਬਾਹਰ ਤੋਂ ਕਿਸੇ ਦਾ ਇਸ ਤਰ੍ਹਾਂ ਖਿਡਾਰੀ ਨਾਲ ਗੱਲ ਕਰਨਾ ਵੱਖਰਾ ਹੈ। ਖੇਡਾਂ ਵਿਚ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਲਈ ਕੋਈ ਜਗ੍ਹਾ ਨਹੀਂ ਹੈ।’’


author

Aarti dhillon

Content Editor

Related News